ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖਰੀ ਭਾਂਤ ਦੀ ਸ਼ੈਲੀ ਦਾ ਮਾਲਿਕ ਮਦਾਨ

ਪੁਰਖਿਆਂ ਦੀ ਜਾਇਦਾਦ ਸਾਂਭਣ ਵਾਲੀ ਸੰਤਾਨ ਤਾਂ ਬਥੇਰੀ ਮਿਲ ਜਾਂਦੀ ਹੈ ਪਰ ਪੁਰਖਿਆਂ ਦੀ ਯਾਦ ਸੰਭਾਲਣ ਵਾਲੀ ਸੰਤਾਨ ਬਹੁਤ ਵਿਰਲੀ ਟਾਂਵੀਂ ਹੁੰਦੀ ਹੈ। ਜਦੋਂ ਹਿਰਦੇਪਾਲ ਸਿੰਘ ਨੇ ਮੈਨੂੰ ਆਪਣੇ ਵਿਛੜੇ ਪਿਤਾ ਮੰਗਲ ਮਦਾਨ ਦੀਆਂ ਅਣਛਪੀਆਂ ਗ਼ਜ਼ਲਾਂ ਦਾ ਖਰੜਾ ਭੇਜਿਆ ਤਾਂ ਮੇਰੇ ਮਨ ਵਿੱਚ ਉਸ ਲਈ ਬਹੁਤ ਮੋਹ ਅਤੇ ਮਾਣ ਭਰੇ ਅਹਿਸਾਸ ਪੈਦਾ ਹੋਏ।

ਮੰਗਲ ਮਦਾਨ ਸਾਡੇ ਕੋਲੋਂ ਓਦੋਂ ਹੀ ਵਿਛੜ ਗਿਆ ਜਦੋਂ ਉਸ ਵਿੱਚ ਅਜੇ ਹੋਰ ਬਹੁਤ ਰਚਨਾਵਾਂ ਰਚਣ ਦੀਆਂ ਸੰਭਾਵਨਾਵਾਂ ਸਨ। ਵਿਛੜਨ ਵਾਲਾ ਆਪਣੇ ਨਾਲ ਕਈ ਅਣਕੀਤੇ ਕੰਮਾਂ ਦੀ ਹਸਰਤ ਲੈ ਕੇ ਚਲਾ ਜਾਂਦਾ ਹੈ ਪਰ ਸ਼ੁਕਰ ਹੈ ਉਸ ਦੇ ਕੀਤੇ ਕੰਮ, ਬੋਲੇ ਬੋਲ, ਲਿਖੇ ਅੱਖਰ ਸਾਡੇ ਕੋਲ ਰਹਿ ਜਾਂਦੇ ਹਨ।

ਇਸ ਹਥਲੀ ਪੁਸਤਕ ਮੰਗਲ ਸ਼ਬਦ ਤੋਂ ਪਹਿਲਾਂ ਮੰਗਲ ਮਦਾਨ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਸਨ। ਇਕ ਉਰਦੂ ਸ਼ੇਅਰ ਹੈ:

ਅਪਨੇ ਅਲਫ਼ਾਜ਼ ਮੇਂ ਬਾਤ ਅਪਨੀ ਕਹੇ
ਮੀਰਾ ਕਾ ਸ਼ੇਅਰ ਤੇ ਮੀਰ ਕਾ ਸ਼ੇਅਰ ਹੈ

ਮੰਗਲ ਮਦਾਨ ਆਪਣੇ ਲਫ਼ਜ਼ਾਂ ਵਿੱਚ ਆਪਣੀ ਗੱਲ ਕਹਿਣ ਵਾਲਾ ਬਹੁਤ ਸੁਹਿਰਦ ਅਤੇ ਸੰਵੇਦਨਸ਼ੀਲ ਕਵੀ ਹੈ। ਛੋਟੀ ਬਹਿਰ ਦੀਆਂ ਗ਼ਜ਼ਲਾਂ ਵਿੱਚ ਉਸਦਾ ਅੰਦਾਜ਼ ਖੂਬ ਨਿਖਾਰਦਾ ਹੈ। ਉਸ ਦੇ ਸ਼ੇਅਰ ਨਿੱਘ ਅਤੇ ਰੌਸ਼ਨੀ ਵੰਡਦੇ ਹਨ। ਉਸ ਦੀ ਮਿੱਠੀ ਯਾਦ ਨੂੰ ਨਮਸਕਾਰ ਤੇ ਉਸ ਦੀ ਅੰਸ਼ ਵੰਸ਼ ਨੂੰ ਜੁਗਾਂ ਜੁਗਾਂ ਤੱਕ ਵਿਗਸਣ ਅਤੇ ਰੌਸ਼ਨ ਰਹਿਣ ਦੀ ਅਸੀਸ, ਦੁਆਵਾਂ ਤੇ ਸ਼ੁਭ ਇੱਛਾਵਾਂ।

-ਸੁਰਜੀਤ ਪਾਤਰ

35/ਸ਼ਬਦ ਮੰਗਲ