ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਰ ਮੇਰੇ ਕਟ ਕੇ ਨਾ ਸੋਚੇ ਉਡਣਾ ਭੁੱਲ ਜਾਵਾਂਗਾ
ਮੈਂ ਤਾਂ ਐਸਾ ਸੋਚ ਪਰਿੰਦਾ ਜੋ ਉੱਡੇ ਬਾਝ ਪਰਾਂ

ਤੁਰਿਆ ਨਾ ਕਰ ਬਣਿਆ ਰਾਹਾਂ 'ਤੇ ਹਰਦਮ
ਵੱਖਰਾ ਰਾਹ ਬਣਾਉਣ ਦੀ ਕੋਸ਼ਿਸ਼ ਕਰਿਆ ਕਰ

ਉਸਨੂੰ ਆਪਣੇ ਮਨ ਦਾ ਪਾਲਾ ਮਾਰ ਰਿਹਾ
ਤਾਂ ਹੀ ਪੁਲ ਨੂੰ ਸਮਝ ਉਹ ਇੱਕ ਦੀਵਾਰ ਰਿਹਾ

ਖ਼ਬਰੇ ਕਦ ਦਾ ਵਰਕਾ ਵਰਕਾ ਹੋ ਜਾਂਦਾ
ਰਖਿਆ ਸਾਬਤ ਮੇਰਾ ਬਾਰ ਕਿਤਾਬਾਂ ਨੇ

ਅਜਿਹੇ ਸ਼ਿਅਰਾਂ ਨਾਲ ਉਸਦਾ ਜ਼ਿੰਦਗੀ ਪ੍ਰਤੀ ਦਿਸ਼ਟੀਕੋਣ ਸਮਝ ਆਉਂਦਾ ਹੈ। ਉਹ ਮਿੱਤਰਾਂ ਲਈ ਸਦਾ ਖੁੱਲੇ ਕਲਾਵੇ ਵਾਲਾ ਇਨਸਾਨ, ਟੱਬਰ ਦੀ ਉਪਜੀਵਕਾ ਚਲਾਉਣ ਲਈ ਸਿਰੜੀ ਮਿਹਨਤਕਸ਼ ਜੀਵ, ਆਪਣੀਆਂ ਰਚਨਾਵਾਂ ਵਿੱਚ ਵੀ ਓਨਾ ਹੀ ਨਿਰਮਲ ਤੇ ਨਿਰਛਲ ਨਜ਼ਰ ਆਉਂਦਾ ਹੈ।

ਮੰਗਲ ਨੂੰ ਢਹਿੰਦੀਆਂ ਕਲਾਂ ਦੇ ਅਰਥ ਨਹੀਂ ਸਨ ਆਉਂਦੇ, ਜਿੰਨੀ ਕੁ ਅਉਧ ਹੰਢਾਈ, ਹਜ਼ਾਰਾਂ ਔਕੜਾਂ ਦੇ ਬਾਵਜੂਦ ਸ਼ਾਨ ਨਾਲ ਹੰਢਾਈ। ਸਾਹਿਤ ਨੇ ਹਰ ਔਖੀ ਘੜੀ ਉਸਦਾ ਮਾਰਗਦਰਸ਼ਨ ਕੀਤਾ ਅਤੇ ਸ਼ਾਇਰੀ ਉਸਨੂੰ ਬਿਨ ਪਰੋਂ ਉਡਾਈ ਫਿਰਦੀ ਸੀ। ਉਹ ਮਲੋਟ ਅਤੇ ਆਲੇ ਦੁਆਲੇ ਦੀਆਂ ਸਾਹਿਤਿਕ ਸੱਭਿਆਚਾਰਕ ਸਰਗਰਮੀਆਂ ਦੀ ਚੂਲ ਸੀ।

ਇਹ ਖ਼ੁਸ਼ਨਸੀਬੀ ਕਿਸੇ ਕਿਸੇ ਅਦੀਬ ਦੇ ਹਿੱਸੇ ਹੀ ਆਉਂਦੀ ਹੈ ਕਿ ਉਸਦੀ ਔਲਾਦ ਵੀ ਸਾਹਿਤ ਕਲਾ ਦੀ ਪ੍ਰੇਮੀ ਹੋਵੇ। ਇਸ ਪੱਖੋਂ ਮੰਗਲ ਮਦਾਨ ਬੜਾ ਖੁਸ਼ਕਿਸਮਤ ਰਿਹਾ। ਉਸਦਾ ਪੁੱਤਰ ਰਿਸ਼ੀ ਹਿਰਦੇਪਾਲ ਸ਼ਾਇਰੀ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ ਅਤੇ ਪਿਤਾ ਦੀ ਵਿਰਾਸਤ ਨੂੰ ਆਦਰ ਸਾਹਿਤ ਸਾਂਭ ਕੇ ਉਸ ਵਿੱਚ ਵਾਧਾ ਕਰ ਰਿਹਾ ਹੈ। ਇਹ ਪੁਸਤਕ 'ਸ਼ਬਦ-ਮੰਗਲ' ਸੰਪਾਦਿਤ ਕਰਕੇ ਉਸਨੇ ਆਪਣੇ ਸ਼ਾਇਰ ਪਿਤਾ ਮੰਗਲ ਮਦਾਨ ਦੀ ਕਲਾਕਾਰੀ ਨੂੰ ਸਦਾ ਸਦਾ ਲਈ ਜਿਉਂਦਾ ਰੱਖ ਲਿਆ ਹੈ। ਉਮੀਦ ਹੈ ਪੰਜਾਬੀ ਪਾਠਕ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਸ਼ਾਇਰੀ ਨੂੰ ਆਪਣੇ ਹਿਰਦਿਆਂ ਵਿੱਚ ਯੋਗ ਥਾਂ ਦੇਣਗੇ।

"'-ਜਸਵਿੰਦਰ"'