ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗਲ ਭਾਅ ਜੀ ਨੂੰ ਯਾਦ ਕਰਦਿਆਂ

ਮੇਰੇ ਨਾਨਕੀਂ ਮਲੋਟ ਹਨ। ਮੈਨੂੰ ਮਲੋਟ ਦੀ ਖਿੱਚ ਸਦਾ ਬਣੀ ਰਹਿੰਦੀ। ਨਿੱਕੇ ਹੁੰਦਿਆਂ ਨਾਨਕੀਂ ਬਹੁਤ ਜਾਂਦਾ। ਜਵਾਨੀ ਪਹਿਰੇ ਮੰਗਲ ਭਾਅ ਜੀ ਨਾਲ ਸੰਪਰਕ ਹੋਇਆ ਤਾਂ ਨਾਨਕੀਂ ਜਾਣ ਦਾ ਸਿਰਫ਼ ਬਹਾਨਾ ਹੁੰਦਾ ਤੇ ਦਿਨ-ਰਾਤ ਮੰਗਲ ਭਾਅ ਜੀ ਕੋਲ ਗੁਜ਼ਰਦਾ। ਘੰਟਿਆਂ-ਬੱਧੀ ਉਨ੍ਹਾਂ ਕੋਲ ਬੈਠੇ ਰਹਿਣਾ। ਅੱਜ ਜਦ ਉਨ੍ਹਾਂ ਬਾਰੇ ਕੁੱਝ ਲਿਖਣ ਲੱਗਿਆਂ ਤਾਂ ਪਹਿਲਾ ਸਵਾਲ ਜ਼ਿਹਨ 'ਚ ਇਹੀ ਆਇਆ ਕਿ ਆਖ਼ਿਰ ਕੀ ਰਿਸ਼ਤਾ ਸੀ ਮੇਰਾ ਮੰਗਲ ਭਾਅ ਜੀ ਨਾਲ ਕਿ ਮੈਨੂੰ ਨਾਨਕੇ ਵਿਸਰ ਗਏ ਸਨ ਤੇ ਮੰਗਲ ਭਾਅ ਦਾ ਘਰ ਤੇ ਦੁਕਾਨ ਹੀ ਮੇਰਾ ਸਭ ਕੁੱਝ ਬਣ ਗਿਆ ਸੀ। ਕੀ ਉਹ ਮੇਰੇ ਰਿਸ਼ਤੇਦਾਰ ਸਨ, ਦੋਸਤ-ਮਿੱਤਰ, ਗੁਰੂ ਜਾਂ ਗਾਈਡ ਸਨ.....? ਸ਼ਾਇਦ ਉਹ ਮੇਰਾ ਸਭ ਕੁੱਝ ਸਨ। ਕਦੇ ਮੇਰੇ ਨਾਲ ਰਿਸ਼ਤੇਦਾਰੀ ਵਾਲੀਆਂ ਗੱਲਾਂ ਕਰ ਰਿਸ਼ਤੇਦਾਰੀ ਨਿਭਾਉਂਦੇ, ਕਦੇ ਦੋਸਤ-ਮਿੱਤਰ ਬਣ ਕੇ ਦਿਲ ਦੇ ਸਭੇ ਦੁੱਖ-ਸੁੱਖ ਸਾਂਝੇ ਕਰਦੇ, ਕਦੀ ਗੁਰੂ ਵਾਂਗ ਉਪਦੇਸ਼ ਤੇ ਆਦੇਸ਼ ਦਿੰਦੇ, ਕਦੀ ਗਾਈਡ ਦੀ ਭੂਮਿਕਾ ਨਿਭਾਉਂਦੇ ਮੇਰਾ ਰਾਹ-ਦਸੇਰਾ ਬਣ ਜਾਂਦੇ। ਸਚਮੁੱਚ, ਪੱਕੀ-ਪੀਡੀ ਸਾਂਝ ਸੀ ਅਸਾਡੀ, ਦਿਲਾਂ ਦੀ ਸਾਂਝ।

ਦਿਲਾਂ ਦੀ ਸਾਂਝ ਬਾਰੇ ਇਕ ਰਾਤ ਉਨ੍ਹਾਂ ਗੱਲ ਸੁਣਾਈ, ਜੋ ਮੈਨੂੰ ਹਰਫ਼-ਹਰਫ਼ ਯਾਦ ਹੈ ਤੇ ਸ਼ਾਇਦ ਹਮੇਸ਼ਾਂ ਯਾਦ ਰਹੇਗੀ। ਇੱਕ ਹਲਵਾਈ ਦੀ ਦੁਕਾਨ ਸੀ। ਉਸ ਕੋਲ ਪਿੰਡੋਂ ਕੋਈ ਵਿਅਕਤੀ ਦੁੱਧ ਪਾਉਣ ਆਉਂਦਾ। ਉਹ ਦੁੱਧ ਪਾ ਦਿੰਦਾ ਬਿਨਾਂ ਮਿਣੇ-ਤੋਲੇ ਅਤੇ ਹਲਵਾਈ ਉਸ ਨੂੰ ਗੱਲੇ 'ਚੋਂ ਰੁਪਇਆਂ ਦੀ ਮੁੱਠ ਭਰ ਫੜ੍ਹਾ ਦਿੰਦਾ ਬਿਨਾਂ ਗਿਣਿਆਂ ਤੋਂ। ਕਾਫ਼ੀ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ। ਅਚਾਨਕ ਹਲਵਾਈ ਦੀ ਮੌਤ ਹੋ ਗਈ। ਉਸ ਵਿਅਕਤੀ ਨੂੰ ਵੀ ਕਾਫ਼ੀ ਸਦਮਾ ਲੱਗਿਆ ਪਰ ਜਿਉਣਾ ਤਾਂ ਪੈਂਦਾ ਹੀ ਹੈ। ਕੁੱਝ ਦਿਨਾਂ ਬਾਅਦ ਹਲਵਾਈ ਦਾ ਮੁੰਡਾ ਦੁਕਾਨ 'ਤੇ ਬੈਠਣ ਲੱਗਿਆ। ਉਹੀ ਵਿਅਕਤੀ ਫੇਰ ਦੁੱਧ ਪਾਉਣ ਆਇਆ। ਉਸ ਨੇ ਹਮੇਸ਼ਾਂ ਵਾਂਗ ਦੁੱਧ ਪਲਟਿਆ। ਮੁੰਡਾ ਪੁੱਛਣ ਲੱਗਾ ਕਿ ਕਿੰਨਾਂ ਦੁੱਧ ਤੇ ਕਿੰਨੇ ਪੈਸੇ? ਇਹ ਪ੍ਰਸ਼ਨ ਸੁਣ ਕੇ ਉਹ ਵਿਅਕਤੀ ਇਕਦਮ ਤਾਂ ਬੌਦਲ ਜਿਹਾ ਗਿਆ। ਫਿਰ ਸਹਿਜ ਹੁੰਦਿਆਂ ਬੋਲਿਆਂ, "ਪੁੱਤਰਾ! ਨਾ ਮੈਂ ਕਦੇ ਦੁੱਧ ਮਿਣ ਕੇ ਪਾਇਆ ਸੀ ਤੇ ਨਾ ਤੇਰੇ ਬਾਪੂ ਨੇ ਕਦੇ ਪੈਸੇ ਗਿਣ ਕੇ ਦਿੱਤੇ ਸਨ। ਮੈਂ ਜਿੰਨਾਂ ਦੁੱਧ ਪਾਉਣਾ, ਉਸ ਰੱਖ ਲੈਣਾ ਤੇ ਉਸ ਮੁੱਠੀ ਭਰ ਜੋ ਫੜ੍ਹਾ ਦੇਣਾ, ਮੈਂ ਬੋਝੇ ਪਾ ਲੈਣਾ। ਅਸੀਂ ਕਦੇ ਗਿਣਤੀਆਂ-ਮਿਣਤੀਆਂ ਨਹੀਂ ਸੀ ਕੀਤੀਆਂ ਪੁੱਤਰਾ!" ਅਜਿਹੀ ਸਾਂਝ ਦੇ ਮੁੱਦਈ ਸਨ ਮੰਗਲ ਭਾਅ ਜੀ।