ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਰੇਸ਼ਮ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓਂ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ

ਵਿਦਾ ਹੋ ਰਹੀ ਧੀ ਦਾ ਰੁਦਨ ਝੱਲਿਆ ਨੀ ਜਾਂਦਾ:-

ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤਿ੍ੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ

ਉਹ ਕੇਵਲ ਅਜ ਦੀ ਰਾਤ ਰੱਖਣ ਲਈ ਬਾਬਲ ਅੱਗੇ ਲੇਲੜ੍ਹੀ ਕੱਢਦੀ ਹੈ ਪਰੰਤੂ ਬਾਬਲ ਵੀ ਮਜਬੂਰ ਹੈ:-

ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ

ਧੀ ਨੂੰ ਵਿਦਾ ਕਰਕੇ ਮਾਪਿਆਂ ਦਾ ਗ਼ਮਗ਼ੀਨ ਹੋਣਾ ਸੁਭਾਵਿਕ ਹੀ ਹੈ ਪਰੰਤੂ ਵਾਰੇ ਜਾਈਏ ਧੀ ਦੇ ਜਿਹੜੀ ਉਹਨਾਂ ਦੀ ਦਿਲਗੀਰੀ ਨੂੰ ਨਾ ਸਹਾਰਦੀ ਹੋਈ ਏਸ ਸਾਰੇ ਵਰਤਾਰੇ ਨੂੰ ਆਪਣੀ ਹੋਣੀ ਦਸ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ। ਗੀਤ ਦੇ ਦਰਦੀਲੇ ਬੋਲ ਸਰੋਤਿਆਂ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਅੱਖੀਆਂ ਨਮ ਹੋ ਜਾਂਦੀਆਂ ਹਨ:-

ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜੀਰ ਵੇ
ਤੁਸੀਂ ਕਿਉ ਬੈਠੇ ਮਾਪਿਓ
ਦਿਲ ਦਿਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੰਗੀ ਤਕਦੀਰ ਵੇ

ਸੈਂਕੜਿਆਂ ਦੀ ਗਿਣਤੀ ਵਿਚ ਸ਼ੁਹਾਗ ਗੀਤ ਪ੍ਰਾਪਤ ਹਨ। ਇਹਨਾਂ ਨੂੰ ਭਾਸ਼ਾ ਵਿਗਿਆਂਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸਟੀ ਤੋਂ ਵਾਚਣ ਦੀ ਲੋੜ ਹੈ। ਇਹਨਾਂ ਵਿਚ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਅਵਸ਼ੇਸ਼ ਸਮੋਏ ਹੋਏ ਹਨ।

78/ ਸ਼ਗਨਾਂ ਦੇ ਗੀਤ