ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਹੀ ਵਰਤੀ ਜਾਂਦੀ ਹੈ। ਜਜ਼ਬੇ ਦੀ ਤਸਵੀਰ ਹੇਠਲੀਆਂ ਦੋ ਤੁਕਾਂ ਵਿੱਚ ਖਿੱਚੀ ਹੁੰਦੀ ਹੈ। ਪਹਿਲੀ ਅਤੇ ਤੀਜੀ ਤੁਕ ਦਾ ਅਨੁਪਰਾਸ ਮਿਲਦਾ ਹੈ। ਵਿਚਲੀ ਤੁਕ ਕੁਝ ਛੋਟੀ ਹੁੰਦੀ ਹੈ। ਇਨ੍ਹਾਂ ਦੋ ਤੁਕਾਂ ਵਿੱਚ ਜਜ਼ਬਿਆਂ ਨੂੰ ਠੋਸ ਚਿੱਤਰਾਂ ਵਿੱਚ ਸਾਕਾਰ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੁੱਜੇ ਵਿੱਚ ਦਰਿਆ ਨੂੰ ਬੰਦ ਕਰਨਾ ਇਨ੍ਹਾਂ ਲੋਕ ਕਲਾਕਾਰਾਂ ਦੀ ਪ੍ਰਤਿਭਾ ਹੈ। ਜਜ਼ਬਿਆਂ ਨੂੰ ਸਾਕਾਰ ਕਰਨ ਲਈ ਜਿਹੜੇ ਚਿੱਤਰ ਖਿੱਚੇ ਜਾਂਦੇ ਹਨ, ਉਨ੍ਹਾਂ ਵਿਚਲੀ ਘਟਨਾ ਦੀ ਚੋਣ ਪ੍ਰਤਿਭਾ ਦੀ ਅਸਲ ਕਸੌਟੀ ਹੈ।[1]

ਪੰਜਾਬ ਵਿੱਚ ਵਿਸ਼ੇਸ਼ ਕਰਕੇ ਧਨ ਪੋਠੋਹਾਰ ਵਿੱਚ ਮਾਹੀਏ ਦਾ ਇੱਕ ਹੋਰ ਰੂਪ ਵੀ ਪ੍ਰਚਲਤ ਹੈ, ਜਿਸ ਨੂੰ 'ਬਾਲ੍ਹੋ ਮਾਹੀਏ' ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹ ਰੂਪ ਕਿਸੇ ਸਮੇਂ ਬੜਾ ਪ੍ਰਚਲਤ ਹੋਇਆ ਸੀ। ਬਾਲ੍ਹੋ ਗੁੱਜਰਾਂਵਾਲੇ ਦੀ ਰਹਿਣ ਵਾਲ਼ੀ ਇੱਕ ਸੁੰਦਰ ਮੁਟਿਆਰ ਸੀ ਜਿਸ ਦਾ ਪਿਆਰ ਮੁਹੰਮਦ ਅਲੀ ਨਾਂ ਦੇ ਗੱਭਰੂ ਨਾਲ਼ ਸੀ, ਜਿਸ ਨੂੰ ਉਹ ਪਿਆਰ ਨਾਲ਼ 'ਮਾਹੀਆ' ਸੱਦਿਆ ਕਰਦੀ ਸੀ। ਦੋਹਾਂ ਦਾ ਆਪੋ ਵਿੱਚ ਅਮੁੱਕ ਪਿਆਰ ਸੀ ਤੇ ਰੱਬ ਨੇ ਇਨ੍ਹਾਂ ਦੋਹਾਂ ਨੂੰ ਹੁਸਨ ਦੇ ਨਾਲ਼ ਆਵਾਜ਼ ਵੀ ਸੁਰੀਲੀ ਬਖ਼ਸ਼ੀ ਸੀ। ਇਨ੍ਹਾਂ ਦੋਹਾਂ ਨੇ ਮਾਹੀਏ ਦੀਆਂ ਨਵੀਆਂ ਧੁਨਾਂ ਪ੍ਰਚਲਤ ਕੀਤੀਆਂ, ਜੋ ਸਵਾਲਾਂ-ਜਵਾਬਾਂ ਵਿੱਚ ਹਨ। ਇੱਕ ਟੱਪੇ ਵਿੱਚ ਬਾਲ੍ਹੋ ਦਾ ਨਾਂ ਆਉਂਦਾ ਹੈ ਤੇ ਦੂਜੇ ਵਿੱਚ ਮਾਹੀਆ ਸ਼ਬਦ ਆਉਂਦਾ ਹੈ। ਇਸ ਵਿੱਚ ਹੁਸਨ ਇਸ਼ਕ ਦੀ ਚਰਚਾ ਹੁੰਦੀ ਹੈ ਜਿਵੇਂ:-

ਹੱਟੀਆਂ 'ਤੇ ਫੀਤਾ ਈ
ਸੱਚ ਦੱਸ ਨੀਂ ਬਾਲ੍ਹੋ
ਕਦੇ ਯਾਦ ਵੀ ਕੀਤਾ ਈ

ਮੈਂ ਖੜ੍ਹੀ ਆਂ ਵਿੱਚ ਬੇਲੇ
ਕਸਮ ਖ਼ੁਦਾ ਦੀ ਮਾਹੀਆ
ਯਾਦ ਕਰਨੀ ਆਂ ਹਰ ਵੇਲੇ

ਇਹ ਸਵਾਲਾਂ-ਜਵਾਬਾਂ ਵਾਲ਼ਾ ਮਾਹੀਆਂ ਅੱਜ ਵੀ 'ਬਾਲ੍ਹੋ-ਮਾਹੀਆ' ਦੇ ਨਾਂ ਨਾਲ਼ ਪ੍ਰਸਿੱਧ ਹੈ।[2]

ਅਸਲ ਵਿਚ 'ਮਾਹੀਆ' ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ ਜਿਸ ਵਿੱਚ ਮੁੱਖ ਤੌਰ 'ਤੇ ਰੁਮਾਂਚਿਕ ਵਿਸ਼ਿਆਂ ਨੂੰ ਹੀ ਰੂਪਮਾਨ ਕੀਤਾ ਗਿਆ ਹੈ। ਇਸ ਵਿੱਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਨ੍ਹਾਂ ਗੀਤਾਂ ਵਿੱਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਜਾਂਦੀ ਹੋਈ ਉਸ ਲਈ ਆਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਿਹੋਰਿਆਂ ਦੇ ਬਾਣਾਂ


65/ ਸ਼ਗਨਾਂ ਦੇ ਗੀਤ

  1. * 'ਨੀਲੀ ਤੇ ਰਾਵੀਂ', ਪੰਨਾ-222
  2. ** 'ਪੰਜਾਬ ਦਾ ਲੋਕ ਸਾਹਿਤ, ਪੰਨਾ-385, 386, 387