ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/45

ਇਹ ਸਫ਼ਾ ਪ੍ਰਮਾਣਿਤ ਹੈ



ਗਿੱਧੇ ਦੀਆਂ ਬੋਲੀਆਂ

ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵਧ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਉਹਨਾਂ ਦੇ ਸਰੀਰਾਂ ਵਿਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆਂ ਹੋਵੇ। ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਨੱਚਿਆ (ਪਾਇਆ) ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲ਼ੀਆਂ ਬੋਲੀਆਂ ਵੀ ਨਾਲੋਂ ਨਾਲ਼ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਉਪਲਭਧ ਹਨ। ਇਹ ਦੋ ਪ੍ਰਕਾਰ ਦੀਆਂ ਹਨ ਲੰਬੀਆਂ ਤੇ ਇਕ ਲੜੀਆਂ। ਇਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ। ਇਹ ਮਾਲਵਾ ਖੇਤਰ ਵਿਚ ਵਧੇਰੇ ਪ੍ਰਚੱਲਤ ਹਨ। ਲੰਬੀ ਬੋਲੀ ਨੂੰ ਅਖਾੜੇ ਵਿਚੋਂ ਨਿਕਲਕੇ ਇਕ ਜਣਾ ਲੰਬੀ ਬਾਂਹ ਕਰਕੇ, ਉਚੀ ਸੁਰ ਵਿਚ ਪਾਉਂਦਾ ਹੈ ਤੇ ਬੋਲੀ ਦੀਆਂ ਅੰਤਲੀਆਂ ਦੋ ਲਾਇਨਾਂ ਜਿਨ੍ਹਾਂ ਨੂੰ ਅੰਤਰਾ ਕਹਿੰਦੇ ਹਨ ਨੂੰ ਬਾਕੀ ਦੇ ਗਿੱਧਾ ਪਾਉਣ ਵਾਲ਼ੇ ਚੁੱਕ ਕੇ ਤਾੜੀਆਂ ਦੇ ਤਾਲ ਨਾਲ਼ ਉੱਚੀ ਸੁਰ ਵਿਚ ਗਾਉਂਦੇ ਹਨ। ਇਕ ਲੜੀਆਂ ਬੋਲੀਆਂ ਨੂੰ ਟੱਪੇ ਜਾਂ ਇਕ ਤੁਕੀਆਂ ਬੋਲੀਆਂ ਵੀ ਆਖਦੇ ਹਨ। ਡਾ ਆਤਮ ਹਮਰਾਹੀ ਅਨੁਸਾਰ "ਸੰਸਾਰ ਕਾਵਿ ਵਿਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ- ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ ਕਪਲੈਟ, ਪਿੰਗਲ ਦਾ ਦੋਹਰਾ-ਸੋਰਠਾ, ਮਲਵਈ ਟੱਪੇ ਅਤੇ ਜਾਪਾਨੀ ਹਾਇਕੂ। ਮਲਵਈ ਟੱਪੇ ਆਪਣੀ ਕਾਵਿ ਸਮੱਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ ਪ੍ਰਾਪਤੀ ਹਨ"।[1]

ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖਿਆਲੀ ਨਾਲ਼ ਗਲੇਫੀਆਂ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ ਜਿਸ ਸਦਕਾ ਇਹਨਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇਕ ਵਯੱਕਤੀ ਵਿਸ਼ੇਸ਼ ਦੀ


43/ ਸ਼ਗਨਾਂ ਦੇ ਗੀਤ

  1. *"ਖੰਡ ਮਿਸ਼ਰੀ ਦੀਆਂ ਡਲ਼ੀਆਂ", ਪੰਨਾ:151