ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਨਰਕਾਂ ਭਰੀ ਜ਼ਿੰਦਗੀ ਭੋਗਦੇ ਸਨ....ਕੁੜੀਆਂ ਛੋਟੀ ਉਮਰੇ ਵਿਆਹ ਦਿੱਤੀਆਂ ਜਾਂਦੀਆਂ ਸਨ....ਨਾਈ ਤੇ ਪਾਂਧੇ ਉਹਨਾਂ ਦੇ ਮੰਗਣੇ- ਵਿਆਹ ਕਰ ਆਉਂਦੇ ਸਨ। ਆਵਾਜਾਈ ਦੇ ਸਾਧਨ ਨਹੀਂ ਸਨ- ਕੇਵਲ ਘੋੜੇ-ਘੋੜੀਆਂ ਅਤੇ ਊਠ ਹੀ ਵਾਹਨਾਂ ਦੇ ਤੌਰ 'ਤੇ ਵਰਤੇ ਜਾਂਦੇ ਸਨ। ਗੁਜਰਾਨ ਲਈ ਮਰਦਾਂ ਤੇ ਗੱਭਰੂਆਂ ਨੂੰ ਦੂਰ ਦੁਰਾਡੇ ਵਿਉਪਾਰ ਲਈ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂ ਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ....ਪਿੱਛੇ ਉਹਨਾਂ ਦੀਆਂ ਪਤਨੀਆਂ ਵਿਛੋੜੇ ਦੇ ਸਲ ਸਹਿੰਦੀਆਂ ਹੋਈਆਂ ਦੂਹਰਾ ਦੁੱਖ ਭੋਗਦੀਆਂ ਸਨ। ਉਹਨਾਂ ਨੂੰ ਵਰ੍ਹਿਆਂ ਬੱਧੀ ਆਪਣੇ ਪੇਕੀਂ ਮਿਲਣ ਜਾਣ ਵੀ ਨਹੀਂ ਸੀ ਦਿੱਤਾ ਜਾਂਦਾ... ਸਹੁਰੀਂ ਉਹਨਾਂ ਦੀ ਸਾਰ ਲੈਣ ਵਾਲ਼ਾ ਵੀ ਕੋਈ ਨਹੀਂ ਸੀ ਹੁੰਦਾ ਜਿਸ ਨਾਲ਼ ਉਹ ਆਪਣਾ ਮਨ ਹੌਲਾ ਕਰ ਸਕਣ। ਅਜ ਕੱਲ੍ਹ ਤਾਂ ਸੰਚਾਰ ਦੇ ਕਿੰਨੇ ਸਾਧਨ ਹਨ ਓਦੋਂ ਦੂਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਕਾਵਾਂ ਹੱਥ ਹੀ ਸੁਨੇਹੇ ਭੇਜਦੀਆਂ ਸਨ।

ਚੱਕੀ ਝੋਂਦੀ ਹੋਈ ਇਕ ਬ੍ਰਿਹਨ ਅਪਣੇ ਬ੍ਰਿਹਾ ਕੁੱਠੇ ਬੋਲਾਂ ਨਾਲ਼ ਆਪਣੀ ਮਾਂ ਨੂੰ ਯਾਦ ਕਰਦੀ ਹੈ:-

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਦੇ ਹਨ੍ਹੇਰੀ
ਦੂਜਾ ਦੇਸ ਵੇ ਪਰਾਇਆ

ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ ਵੇ ਪਰਾਇਆ

ਸੁਣ ਊਠਾਂ ਵਾਲਿਓ ਵੇ
ਕੀ ਲਦਲੇ ਸੀ ਰੜਕੇ
ਉਹ ਦਿਨ ਭੁਲ ਗਏ ਵੇ
ਜਦੋਂ ਉਠ ਗਏ ਸੀ ਤੜਕੇ

36/ ਸ਼ਗਨਾ ਦੇ ਗੀਤ