ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਲਾਡ ਲਡਾਉਣ ਸਮੇਂ ਅਨੇਕ ਪ੍ਰਕਾਰ ਦੀਆਂ ਖੇਡਾਂ ਖਡਾਉਂਦੀਆਂ ਹੋਈਆਂ ਲੋਰੀਆਂ ਦੇਂਦੀਆਂ ਹਨ।

ਬੱਚਾ ਕੁਤਕੁਤਾੜੀਆਂ ਕਢਵਾ ਕੇ ਬਹੁਤ ਖ਼ੁਸ਼ ਹੁੰਦਾ ਹੈ। ਮਾਂ ਬੱਚੇ ਨੂੰ ਮੰਜੇ ਜਾਂ ਮੰਜੀ ਤੇ ਪਿੱਠ ਭਰਨੇ ਪਾ ਕੇ ਉਸ ਨੂੰ ਲਾਡ ਲਡਾਉਂਦੀ ਹੋਈ ਉਸ ਦੇ ਸਰੀਰ ਦੇ ਵਖ ਵੇਖ ਅੰਗਾਂ ਨੂੰ ਆਪਣੀਆਂ ਉਂਗਲਾਂ ਨਾਲ਼ ਸਹਿਲਾਉਂਦੀ ਹੋਈ ਲੋਰੀ ਦੇ ਬੋਲ ਬੋਲਦੀ ਹੈ:

ਕਾਕੇ ਦੀ ਕੱਛ ਵਿਚ
ਗੋਹ ਬੜਗੀ
ਮੈਂ ਲੱਗੀ ਕੱਢਣ
ਇਕ ਹੋਰ ਬੜਗੀ

ਤੇ ਨਾਲ਼ ਹੀ ਉਹਦੀਆਂ ਬਗਲਾਂ 'ਚ ਦੋਨੋਂ ਹੱਥ ਪਾ ਕੇ ਕੁਤਕੁਤਾੜੀਆਂ ਕੱਢਦੀ ਹੈ ਤੇ ਬੱਚਾ ਖੂਬ ਖਿੜ ਖੜਾ ਕੇ ਹੱਸਦਾ ਹੈ। ਇਹ ਖੇਡ ਕਈ ਵਾਰ ਦੁਹਰਾਈ ਜਾਂਦੀ ਹੈ। ਇਸ ਖੇਡ ਨਾਲ਼ ਸੰਬੰਧਿਤ ਹੋਰ ਲੋਰੀਆਂ ਹਨ:

ਏਥੇ ਮੇਰੀ ਖੰਡ ਸੀ
ਏਥੇ ਮੇਰਾ ਘਿਉ ਸੀ
ਏਥੇ ਮੇਰਾ ਦੁੱਧ ਸੀ।
ਏਥੇ ਮੇਰੀ ਮਧਾਣੀ ਸੀ
ਕਾਕੇ ਦਾ ਘਰ ਲੱਭਦਿਆਂ
ਲੱਭਦਿਆਂ ਲੱਭ ਗਿਆ,

ਹੋਰ

ਹਾਲ਼ੀਓ ਪਾਲ਼ੀਓ
ਸਾਡੇ ਮੱਘਰ ਦੇ ਹੱਥ ਵਿਚ
ਸੋਟੀ ਸੀ
ਪੈਰੀਂ ਮੌਜੇ ਸੀ
ਕਿਤੇ ਸਾਡਾ ਮੱਘਰ
ਮੱਝਾਂ ਚਾਰਦਾ ਵੇਖਿਆ ਹੋਵੇ।

ਐਨੇ ਬੋਲ ਬੋਲਣ ਮਗਰੋਂ ਬੱਚੇ ਦੇ ਵੱਖ-ਵੱਖ ਅੰਗਾਂ ਨੂੰ ਸਹਿਲਾਉਂਦੇ ਹੋਏ ਆਖਦੇ ਹਨ। "ਏਥੇ ਸੀ", "ਏਥੀ ਸੀ" ਤੇ ਅੰਤ ਵਿਚ ਉਸ ਦੀਆਂ ਬਗਲਾਂ 'ਚ ਕੁਤਕੁਤਾੜੀਆਂ ਕੱਢ ਕੇ ਆਖਦੇ ਹਨ, "ਲਭ ਗਿਆ ਬਈ ਲਭ ਗਿਆ", ਬੱਚਾ ਖੂਬ ਖਿੜ ਖਿੜਾ ਕੇ ਹੱਸਦਾ ਹੋਇਆ ਕਿਲਕਾਰੀਆਂ ਮਾਰਦਾ ਹੈ।

ਛੋਟੇ ਬੱਚੇ ਅਕਸਰ, "ਝੂਟੇ ਮਾਂਟੇ", ਲੈਣ ਵਿਚ ਖਾਸ ਅਨੰਦ ਤੇ ਖ਼ੁਸ਼ੀ ਮਹਿਸੂਸ ਕਰਦੇ ਹਨ। ਮਾਂ ਜਾਂ ਵੱਡੀ ਭੈਣ ਬੱਚੇ ਨੂੰ ਲੈ ਕੇ ਮੰਜੇ ਤੇ ਸਿੱਧੀ ਪਿੱਠ ਭਰਨੇ ਲੇਟ ਜਾਂਦੀ ਹੈ। ਇਸ ਮਗਰੋਂ ਉਹ ਆਪਣੇ ਦੋਨੇ ਗੋਡੇ ਆਪਣੇ ਢਿੱਡ ਨਾਲ਼ ਲਾ ਲੈਂਦੀ

16/ ਸ਼ਗਨਾਂ ਦੇ ਗੀਤ