ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/168

ਇਹ ਸਫ਼ਾ ਪ੍ਰਮਾਣਿਤ ਹੈ

ਇਹਨਾਂ ਰਸਾਲਿਆਂ ਵਿਚ ਛਪਦੇ ਰਹੇ ਹਨ....ਤੇ ਮੈਨੂੰ ਇਹਨਾਂ ਤੇ ਮਾਣ ਹੈ। ਇਹਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਦੋਹਾਂ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ।

ਸੁਸ਼ੀਲ: ਸੰਪਾਦਨ, ਜੀਵਨੀ, ਅਨੁਵਾਦ ਅਤੇ ਨਾਟਕ ਵੀ ਤੁਹਾਡੀ ਲੇਖਣੀ ਦਾ ਹਿੱਸਾ ਹਨ। ਇਹਨਾਂ ਵਿਚੋਂ ਕੋਈ ਅਜਿਹੀ ਰਚਨਾ ਜੋ ਲੋਕ ਸਿਮਰਤੀ ਦਾ ਹਿੱਸਾ ਬਣ ਗਈ ਹੋਵੇ ?

ਮਾਦਪੁਰੀ: ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਮੇਰੇ ਪਾਸੋਂ "ਭਾਰਤੀ ਲੋਕ ਕਹਾਣੀਆਂ", "ਬਾਲ ਕਹਾਣੀਆਂ" ਅਤੇ "ਆਓ ਗਾਈਏ" ਦੀ ਸੰਪਦਾਨਾ ਕਰਵਾਈ ਸੀ। "ਭਾਰਤੀ ਲੋਕ ਕਹਾਣੀਆਂ" ਨੂੰ 1991 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਬਾਲ ਸਾਹਿਤ ਦੀ ਸਰਬੋਤਮ ਪੁਸਤਕ ਲੜੀ ਅਧੀਨ "ਸ਼ੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ" ਦਿੱਤਾ ਸੀ। ਅਨੁਵਾਦ ਦਾ ਕਾਰਜ ਨੈਸ਼ਨਲ ਬੁਕ ਟਰੱਸਟ ਇੰਡੀਆ, ਦਿੱਲੀ ਨੇ ਕਰਵਾਇਆ ਹੈ। "ਮਹਾਨ ਸੁਤੰਤਰਤਾ ਸੰਗਰਾਮੀ ਸਤਗੁਰੂ ਰਾਮ ਸਿੰਘ" ਨਾਮੀ ਜੀਵਨੀ 'ਪੰਜਾਬ ਸਕੂਲ ਸਿੱਖਿਆ ਬੋਰਡ' ਨੇ ਲਿਖਵਾਈ ਸੀ।

ਸੁਸ਼ੀਲ: ਪਤਾ ਲੱਗਿਆ ਹੈ ਕਿ ਤੁਸੀਂ ਅਧਿਆਪਕ ਯੂਨੀਅਨ ਵਿਚ ਵੀ ਕੰਮ ਕਰਦੇ ਰਹੇ ਹੋ ?

ਮਾਦਪੁਰੀ: ਨਿੱਜੀ ਅਤੇ ਜਮਾਤੀ ਹਿਤਾਂ ਦੀ ਰਾਖੀ ਲਈ ਸੰਘਰਸ਼ ਕਰਨਾ ਬਹੁਤ ਜਰੂਰੀ ਹੈ- ਇਹ ਤੁਸੀਂ ਜਮਾਤੀ ਸੰਗਠਣ ਰਾਹੀਂ ਹੀ ਕਰ ਸਕਦੇ ਹੋ। ਸਾਹਿਤਕ ਕਾਰਜਾਂ ਦੇ ਨਾਲ਼-ਨਾਲ਼ ਮੈਂ ਟਰੇਡ ਯੂਨੀਅਨ ਦਾ ਸਰਗਰਮ ਵਰਕਰ ਰਿਹਾ ਹਾਂ। ਪੰਜਾਬ ਦੇ ਵਿਦਿਆ ਵਿਭਾਗ ਵਿਚ ਪੰਜਾਬੀ ਅਧਿਆਪਕਾਂ ਦਾ ਦਰਜਾ (ਸਟੇਟਸ) ਅੰਗਰੇਜ਼ੀ ਅਧਿਆਪਕਾਂ ਦੇ ਬਰਾਬਰ ਨਹੀਂ ਸੀ। ਉਹਨਾਂ ਦਾ ਗਰੇਡ ਵੀ ਘੱਟ ਸੀ- ਨਾ ਪ੍ਰਮੋਸ਼ਨ ਚੈਨਲ ਸੀ- ਪੰਜਾਬੀ ਅਧਿਆਪਕ ਸਾਰੀ ਸਰਵਿਸ ਵਿਚ ਪੰਜਾਬੀ ਟੀਚਰ ਦੀ ਸੇਵਾ ਮੁਕਤ ਹੁੰਦਾ ਸੀ ਜਦੋਂ ਕਿ ਅਗਰੇਜ਼ੀ ਅਧਿਆਪਕ ਮਾਸਟਰ ਤੋਂ ਲੈਕਚਰਾਰ, ਮੁਖ ਅਧਿਆਪਕ, ਪ੍ਰਿੰਸੀਪਲ ਤੇ ਵਿਭਾਗ ਦੇ ਡਾਇਰੈਕਟਰ ਤਕ ਪਦ-ਉਨਤੀ ਲੈ ਸਕਣ ਦੇ ਯੋਗ ਸੀ। ਭਾਸ਼ਾ ਅਧਿਆਪਕਾਂ ਨੂੰ ਅੰਗਰੇਜ਼ੀ ਅਧਿਆਪਕਾਂ ਦੇ ਬਰਾਬਰ ਦਾ ਸਟੇਟਸ ਅਤੇ ਗਰੇਡ ਦੁਆਉਣ ਲਈ ਮੈਂ "ਸਰਕਾਰੀ ਭਾਸ਼ਾ ਅਧਿਆਪਕ ਯੂਨੀਅਨ ਪੰਜਾਬ" ਦਾ ਸੰਗਠਣ ਕੀਤਾ। ਕਈ ਵਰ੍ਹੇ ਅਕਾਦਮਕ ਅਤੇ ਰਾਜਸੀ ਪੱਧਰ ਤੇ ਲੜਾਈ ਲੜੀ ਅਤੇ ਪੰਜਾਬੀ ਅਧਿਆਪਕਾਂ ਨੂੰ ਅੰਗਰੇਜ਼ੀ ਅਧਿਆਪਕਾਂ ਵਾਂਗ ਮਾਸਟਰ ਕੇਡਰ ਦਾ ਦਰਜਾ ਦੁਆ ਕੇ ਉਨ੍ਹਾਂ ਲਈ ਪਰਮੋਸ਼ਨ ਚੈਨਲ (ਪਦ ਉਨਤੀ) ਖੁਲ੍ਹਵਾਉਣ ਲਈ ਸਫਲਤਾ ਪ੍ਰਾਪਤ ਕੀਤੀ।

ਸੁਸ਼ੀਲ: ਮਾਂ ਬੋਲੀ ਪ੍ਰਤੀ ਮੋਹ ਬਾਰੇ ਦੱਸੋ। ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਤੁਸੀਂ ਕਿਹੜੇ-ਕਿਹੜੇ ਸੰਘਰਸ਼ ਕੀਤੇ ਹਨ ਅਤੇ ਨਿੱਜੀ ਤੌਰ ਤੇ ਮਾਂ ਬੋਲੀ ਦੀ ਤਰੱਕੀ ਲਈ ਕਿਸ ਤਰ੍ਹਾਂ ਦੇ ਯਤਨ ਕਰ ਰਹੇ ਹੋ।

168/ ਸ਼ਗਨਾਂ ਦੇ ਗੀਤ