ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੁਰਪੇ ਵੀਣਾ ਨਾਦ ਵਜਾ ਕੇ।
ਤੁਰਪੇ ਰਾਮ ਰਹੀਮ ਧਿਆ ਕੇ।
ਤੁਰਪੇ ਸੁਰਤੀ ਸਬਦਿ ਟਿਕਾ ਕੇ।
ਤੁਰਪੇ ਪੀਰ ਫ਼ਕੀਰ ਮਨਾ ਕੇ।
ਲੰਘਦੇ ਨਦੀਆਂ ਜੰਗਲ ਬੇਲੇ।
ਉੱਚੇ ਨੀਵੇਂ ਟਿੱਬੇ ਟੇਲੇ।
ਲੰਘਦੇ ਰੋੜਾਂ ਭਰੇ ਮਦਾਨ।
ਲੰਘਦੇ ਬੀਆਬਾਨ ਵੀਰਾਨ।
ਲੰਘਦੇ ਝਿੜੀਆਂ ਭਰੇ ਓਜਾੜ।
ਉੱਚੇ ਨੀਵੇਂ ਚੀਰ ਪਹਾੜ।
ਸੁੰਦਰ ਉਪਵਨ ਨਦੀਆਂ ਨਾਲੇ।
ਲੰਘਦੇ ਜਾਵਣ ਔਖ ਸੁਖਾਲੇ।
ਸੁੱਚੇ ਸਿਵੇਂ ਟੱਪ ਸ਼ਮਸ਼ਾਨ।
ਲੰਘਦੇ ਗੋਰਾਂ ਕਬਰਸਤਾਨ।
ਟੇਢੇ ਪਰਬਤ ਮੇਰੁ ਮੇਰੁ।
ਲੰਘਦੇ ਜਾਣ ਘੇਰਾਂ ਦੀ ਘੇਰ।
ਸਿਰ ਸੱਪਾਂ ਦੇ ਧਰਦੇ ਪੈਰ।
ਜਾਣ ਸ਼ਿਵਾਂ ਦੀ ਮੰਨਦੇ ਖ਼ੈਰ।
ਟੱਪਦੇ ਖੂਹੀਆਂ ਟੱਪਦੇ ਖੰਡਰ।
ਟੱਪਦੇ ਖੰਡਾਂ ਤੇ ਬਨ-ਕੰਦਰ।

ਨਾਥ ਜੋਗੀਆਂ ਦੇ ਲੰਘ ਟਿੱਲੇ।
ਲੰਘਦੇ ਮਨ ਮੰਦਿਰ ਗੁਰਿੱਲੇ।
ਮਸਤ ਮਲੰਗਾਂ ਦੇ ਲੰਘ ਡੇਰੇ।
ਤੁਰਦੇ ਜਾਵਣ ਹੋਰ ਅਗੇਰੇ।
ਲੰਘ ਥੇਹਾਂ ਦੀ ਧਰਤੀ ਤੇਲਣ।
ਜਿੱਥੇ ਨਾਗ ਸਰਾਲਾਂ ਮੇਲ੍ਹਣ।
ਲੰਘ ਮਾਰੂਥਲ ਰੇਤ ਬਰੇਤੀ।
ਲੰਘ ਕਿਰਸਾਣੀ ਜੰਮੀ ਖੇਤੀ।
ਲੰਘ ਦਲਦਲਾਂ ਚਿੱਕੜ ਗਾਰੇ।

1. ਸ਼ਿਵਾ- ਸ਼ਿਵਜੀ: ਜਿਸ ਨੂੰ ਜ਼ਹਿਰ ਦਾ ਦੇਵਤਾ ਮੰਨਿਆ ਗਿਆ ਹੈ।

ਸ਼ਕੁੰਤਲਾ ॥90॥