ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/134

ਇਹ ਸਫ਼ਾ ਪ੍ਰਮਾਣਿਤ ਹੈ

ਦੇਖੀਏ ਵਿਧਿ ਕੀ ਬਣਤ ਬਣਾਉਂਦੀ,
ਸਾਨੂੰ ਕੋਈ ਸਮਝ ਨਾ ਆਉਂਦੀ।
ਜਿਸਨੇ ਨਾਰ ਦਰੋਂ ਠੁਕਰਾਈ,
ਆਪਣੀ ਵਸਤੂ ਜਾਣ ਪਰਾਈ।
ਕਿਵੇਂ ਆਣ ਇਸ ਨੂੰ ਅਪਨਾਊ,
ਕਿਹੜਾ ਉਸਨੂੰ ਜਾ ਸਮਝਾਊ।

ਪਰ ਰਾਜਾ ਸੁਣ ਹੋਇਆ ਬਿਹਬਲ,
ਦਿਲ ਵਿਚ ਕਮਲ ਗਿਆ ਕੋਈ ਖਿੱਲ।
ਇਹ ਕੀ ਵਿਧਿ ਨੇ ਬਣਤ ਬਣਾਈ,
ਪਿਆਸੇ ਕੋਲ ਨਦੀ ਚੱਲ ਆਈ।
ਚੰਨ ਚਕੋਰ ਨੂੰ ਮਿਲਿਆ ਆ ਕੇ,
ਅੰਮ੍ਰਿਤ ਬੂੰਦ ਪਈ ਮੁੱਖ ਮੁਰਦੇ।

ਦਿਲ ਦੇ ਹਾਵੀ ਭਾਵ ਛੁਪਾ ਕੇ,
ਬੋਲਿਆ ਰਾਜਾ ਨੀਵੀਂ ਪਾ ਕੇ।
ਮੈਂ ਹੀ ਪਾਪੀ ਹਾਂ ਦੁਸ਼ਿਅੰਤ,
ਮੈਂ ਹੀ ਕੂੜ ਪਾਪ ਦਾ ਜੰਤ।
ਮੈਂ ਹੀ ਉਸ ਸੰਗ ਦਗਾ ਕਮਾਇਆ,
ਦਰ ਆਈ ਨੂੰ ਮੈਂ ਠੁਕਰਾਇਆ।
ਅਸੀਂ ਹੋਏ ਰਾਜੇ ਖੁਲ ਕਾਮੀ,
ਮਨ ਸਾਡੇ ਨੇ ਬੜੇ ਹਰਾਮੀ।
ਅਸੀਂ ਹਾਂ ਅੰਨ ਪਾਪ ਦਾ ਖਾਂਦੇ,
ਕਰਕੇ ਵਾਅਦੇ ਹਾਂ ਭੁੱਲ ਜਾਂਦੇ।
ਬੇ-ਗੁਨਾਹ ਨੂੰ ਫਾਂਸੀ ਲਾਂਦੇ,
ਤਾਹੀਉਂ ਉਮਰਾਂ ਭਰ ਪਛਤਾਂਦੇ।
ਪਤਾ ਨਹੀਂ ਸੀ ਕੋਈ ਸਰਾਪ,
ਆਪਣੀ ਜੜ ਪੱਟੀ ਮੈਂ ਆਪ।
ਮੈਂ ਹਾਂ ਪਾਪੀ ਕੋਈ ਦਰਿੰਦਾ,
ਆਪਣੀ ਕਰਨੀ ਤੋਂ ਸ਼ਰਮਿੰਦਾ।
ਕਿਵੇਂ ਮੈਂ ਉਸਦੇ ਸਨਮੁਖ ਜਾਊ,
ਕਿਵੇਂ ਮੈਂ ਉਸਨੂੰ ਮੁੱਖ ਦਿਖਾਊ।

ਸ਼ਕੁੰਤਲਾ॥136॥