ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਪੈਰਾਂ ਤੇ ਡੇਂਬੂ ਲੜਿਆ,
ਸੁੱਜ ਕੇ ਪੈਰ ਭੜੋਲਾ ਹੋਏ,
ਪੈਰਾਂ ਦੀਆਂ ਛੱਤਾਂ ਇਉਂ ਜਾਪਣ,
ਜੀਕੂੰ ਕੋਈ ਢਲਾਣ ਮੇਰੀਆਂ।

ਦੇਖ ਮੇਰਿਆਂ ਗਿੱਟਿਆਂ ਉੱਤੇ,
ਗਿੱਠ-ਗਿੱਠ ਗਰਦ ਚੜੀ ਤੇਰੇ ਗ਼ਮ ਦੀ
ਦੇਖ ਤੇਰੇ ਰਾਹਾਂ ਵਿਚ ਹੋਈਆਂ,
ਪੈੜਾਂ ਕਿਵੇਂ ਹੈਰਾਨ ਮੇਰੀਆਂ।

ਸੌਣ ਮਹੀਨੇ ਜਿਵੇਂ ਗਡੋਏ,
ਮਿੱਟੀ ਖਾ-ਖਾ ਫੁੱਲ-ਫੁੱਲ ਬਹਿੰਦੇ,
ਦੇਖ ਮੇਰੀਆਂ ਪਿੰਜਣੀਆਂ ਵਿਚ,
ਨਾੜਾਂ ਖੜ-ਖੜ ਜਾਣ ਮੇਰੀਆਂ।

ਮੇਰੇ ਗੋਡਿਆਂ ਦੀਆਂ ਅੱਖਾਂ ਵਿਚ,
ਪੈਂਦੀ ਰੜਕ ਜੁਦਾਈਆਂ ਵਾਲੀ,
ਗੋਡਿਆਂ ਦੇ ਵਿਚ ਅੜੀਆਂ ਪਈਆਂ,
ਚੱਪਣੀਆਂ ਵਾਂਗ ਚਟਾਨ ਮੇਰੀਆਂ।

ਅਜ਼ਲਾਂ ਜੇਡੇ ਲੰਮੇ ਪੈਂਡੇ,
ਸਿਮਟੇ ਪਏ ਮੇਰੀਆਂ ਲੱਤਾਂ ਵਿੱਚ,
ਭਾਲ ਤੇਰੀ ਵਿਚ ਝੁਕੀਆਂ ਬਣੀਆਂ,
ਜੰਘਾਂ ਜਿਵੇਂ ਕਮਾਨ ਮੇਰੀਆਂ।

ਗੋਰੇ ਗੋਲ ਸਤੰਭਾ ਵੱਲ ਮੈਂ,
ਕਿਧਰੇ ਡਰਦੀ ਆਪ ਨਾ ਤੱਕਦੀ,
ਮੱਖਣ ਦੇ ਪੇੜਿਆਂ ਨੂੰ ਕਿਧਰੇ,
ਨਜ਼ਰਾਂ ਨਾ ਲੱਗ ਜਾਣ ਮੇਰੀਆਂ।

ਦੌਲਤ ਦੇ ਦਰਵਾਜ਼ੇ ਨੂੰ ਤੂੰ,
ਕੁੰਜੀ ਲਾ ਫਿਰ ਬਹੁੜ ਨਾ ਆਇਓ,
ਹੁਸਨ ਤਜੌਰੀ ਵਿਚੋਂ ਲਾਟਾਂ,
ਨਿਕਲ-ਨਿਕਲ ਜਾਣ ਮੇਰੀਆਂ।

ਸ਼ਕੁੰਤਲਾ॥118॥