ਪੰਨਾ:ਸਰਦਾਰ ਭਗਤ ਸਿੰਘ.pdf/181

ਇਹ ਸਫ਼ਾ ਪ੍ਰਮਾਣਿਤ ਹੈ

(੧੮੧)

ਪਿਆਰੇ ਦੇਸ਼ ਵਿਚ ਲੋਕ ਰਾਜ ਕਾਇਮ ਕਰਨ ਵਾਸਤੇ ਵੱਡੇ ਦੁਸ਼ਮਣ ਨਾਲ ਟਕਰ ਲਈ ਸੀ। ਕੌਮੀ ਮੁਫਾਦ ਸੀ, ਜਾਤੀ ਲਾਭ ਉੱਕਾ ਹੀ ਕੋਈ ਨਹੀਂ ਸੀ। ਭਗਤ ਸਿੰਘ ਦੀ ਮਾਤਾ ਇਕ ਨਿਰਾਲੀ ਇਸਤ੍ਰੀ ਸੀ। ਜਿਸ ਨੇ ਕਦੇ ਪਤੀ ਅਤੇ ਕਦੀ ਦਿਉਰਾਂ ਨੂੰ ਜੁਆਨੀ ਵੇਲੇ ਵਤਨ ਦੀ ਖਾਤਰ ਜੇਹਲ ਨੂੰ ਤੋਰਿਆ ਸੀ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਸੀ ਉਸ ਦਿਨ ਉਹ ਜੇਹਲਾਂ ਵਿਚੋਂ ਰਿਹਾ ਹੋ ਰਹੇ ਸਨ। ਇਕ ਦਿਉਰ ਸ: ਅਜੀਤ ਸਿੰਘ ਅਜੇ ਜਲਾਵਤਨ ਸੀ। ਯੂਰਪ ਦੇ ਕਿਸੇ ਦੇਸ਼ ਵਿਚ ਉਹਨਾਂ ਦਿਨਾਂ ਦੀ ਉਡੀਕ ਕਰ ਰਿਹਾ ਸੀ ਜੇਹੜੇ ਦਿਨ ਉਸਨੂੰ ਹਿੰਦੁਸਤਾਨ ਔਣ ਵਾਸਤੇ ਜੀ-ਆਇਆਂ ਆਖਣ। ਜੁਆਨੀ ਤੋਂ ਬੁਢੇਪਾ ਆ ਗਿਆ। ਉਹ ਜੇਹਲਾਂ ਦੀਆਂ ਡਿਉੜੀਆਂ ਵਲ ਮੁਲਾਕਾਤਾਂ ਕਰਨ ਆਉਂਦੀ ਰਹੀ। ਥੋੜੇ ਸਾਲ ਨਹੀਂ ੨੫ ਸਾਲਾਂ ਵਿਚ ਕੋਈ ਹੀ ਐਸਾ ਸ਼ਾਲ ਹੋਵੇਗਾ ਜਦੋਂ ਉਹ ਘਰ ਦੇ ਕਿਸੇ ਨਾ ਕਿਸੇ ਜੀਅ ਦੀ ਮੁਲਾਕਾਤ ਕਰਨ ਵਾਸਤੇ ਜੇਹਲ ਵਲ ਨਾ ਆਈ ਹੋਵੇ। ਉਹ ਵਤਨ ਬਦਲੇ ਪ੍ਰਵਾਰ ਤੇ ਆਪਾ ਵਾਰਨ ਵਿਚ ਖੁਸ਼ੀ ਮਹਿਸੂਸ ਕਰਦੀ ਸੀ।
"ਬੇਟਾ ਹੱਠ ਨਾ ਛੱਡੀ। ਇਕ ਦਿਨ ਜ਼ਰੂਰ ਮਰਨਾ ਹੈ ਪਰ ਮਰਨਾ ਉਹ ਚੰਗਾ ਹੈ, ਜਦੋਂ ਸਾਰਾ ਸੰਸਾਰ ਯਾਦ ਕਰਕੇ ਰੋਵੇ?" ਮਾਂ! ਨੇ ਪੁੱਤਰ ਭਗਤ ਸਿੰਘ ਨੂੰ ਪਿਆਰ ਦੇਣ ਪਿੱਛੋਂ ਆਖਿਆ ਸੀ। "......ਤੈਨੂੰ ਦੇਖਕੇ ਮੇਰੇ ਥਣੀ ਦੁੱਧ ਆ ਜਾਂਦਾ ਏ। ਮੈਂ ਬਹੁਤ ਖੁਸ਼ ਹਾਂ। ਖੁਸ਼ ਇਸ ਕਰਕੇ ਕਿ ਮੇਰਾ ਪੁੱਤਰ ਮੇਰੀ ਕੁੱਖ ਨੂੰ, ਮੇਰੇ ਦੁੱਧ ਨੂੰ ਸਫਲ ਕਰ ਰਿਹਾ