ਪੰਨਾ:ਸਰਦਾਰ ਭਗਤ ਸਿੰਘ.pdf/153

ਇਹ ਸਫ਼ਾ ਪ੍ਰਮਾਣਿਤ ਹੈ

(੧੫੩)


ਜਤਿੰਦਰ ਨਾਥ ਦਾਸ ਸ਼ਹੀਦ ਹੋ ਗਿਆ। ਉਸ ਦਾ ਸਰੀਰ ਹਸਪਤਾਲ ਦੀ ਮੰਜੀ ਉਤੇ ਪਿਆ ਆਕੜ ਗਿਆ ਪਰ ਰੂਹ ਉਡਕੇ ਕਿਸੇ ਅਨਡਿੱਠ ਥਾਂ ਨੂੰ ਚਲੀ ਗਈ। ਤਨ ਕੈਦੀ ਸੀ ਮਨ ਅਜ਼ਾਦ ਹੋ ਗਿਆ। ਸਿਵਲ ਸਰਜਨ ਤੇ ਜੇਹਲ ਡਾਕਟਰ ਨੇ ਰੀਪੋਰਟ ਕਰ ਦਿੱਤੀ- 'ਜਤਿੰਦਰ ਨਾਥ ਦਾਸ ਮਰ ਗਿਆ।'
ਸੁਪ੍ਰੰਟੈਂਡੈਟ ਨੇ ਕਾਂਗ੍ਰਸ ਦੇ ਦਫਤਰ ਟੈਲੀਫੂਨ ਕੀਤਾ ਸ: ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ, ਡਾਕਟਰ ਕਿਚਲੂ ਤੇ ਹੋਰ ਕਾਂਗ੍ਰਸੀ ਨੇਤਾ ਕਾਰਾਂ ਲੈਕੇ ਜੇਹਲ ਵਲ ਨਸ਼ੇ। ਉਹ ਸ਼ਹੀਦ ਦੇ ਸਰੀਰ ਦਾ ਯੋਗ ਸਤਕਾਰ ਕਰਨਾ ਚਾਹੁੰਦੇ ਹਨ। ਜਦੋਂ ਉਨਾਂ ਦੀਆਂ ਕਾਰਾਂ ਦੇ ਜੇਹਲ ਦੇ ਬੂਹੇ ਅਗੇ ਪੁਜੀਆਂ ਤਾਂ ਬਾਹਰਲੇ ਇਕੱਠ ਨੂੰ ਪਤਾ ਲਗ ਗਿਆ ਕਿ ਜਤਿੰਦਰ ਨਾਥ ਨੇ ਪ੍ਰਾਨ ਤਿਆਗ ਦਿਤੇ ਹਨ। ਉਸੇ ਵੇਲੇ-"ਸ਼ਹੀਦ ਜਤਿੰਦਰ ਨਾਥ ਦਾਸ ਜ਼ਿੰਦਾਬਾਦ! ਇਨਕਲਾਬ ਜ਼ਿੰਦਾਬਾਦ!...ਨੌਕਰ ਸ਼ਾਹੀ ਸਰਕਾਰ ਦੀ ਬੇੜਾ ਗਰਕ!" ਆਦਿਕ ਨਾਹਰੇ ਲਗਣੇ ਸ਼ੁਰੂ ਹੋ ਗਏ। ਲੋਕਾਂ ਦੇ ਦਿਲ ਜੋਸ਼ ਨਾਲ ਪਟਣ ਲੱਗੇ। ਮਾਤਮ ਦੀ ਸਫਾ ਵਿਛ ਗਈ, ਲਾਹੌਰੋਂ ਤਾਰਾਂ, ਟੈਲੀਫੋਨ, ਚਿੱਠੀਆਂ, ਤੇ ਹਲਕਾਰੇ ਬਾਹਰ ਨੂੰ ਭੇਜੇ ਗਏ, ਦਸਾਂ ਘੰਟਿਆਂ ਦੇ ਅੰਦਰ ਅੰਦਰ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਜਤਿੰਦਰ ਨਾਥ ਦੀ ਸ਼ਹੀਦੀ ਦੀ ਖਬਰ ਜੰਗਲ ਦੀ ਅੱਗ ਵਾਂਗ ਖਿਲਰ ਗਈ, ਉਸੇ ਵੇਲੇ ਬਾਜ਼ਾਰ ਬੰਦ ਹੋ ਗਏ। ਹੜਤਾਲ ਪੂਰਨ ਹੜਤਾਲ ਹੋਈ, ਕਾਲੀਆਂ ਮਾਤਮੀ ਝੰਡੀਆਂ ਹੱਥਾਂ ਵਿਚ ਲੈਕੇ ਲੋਕ ਘਰਾਂ ਨੂੰ ਛੱਡ ਤੁਰੇ, ਭਾਰਤ ਦੇ ਸਾਰੇ ਵਾਯੂ ਮੰਡਲ ਵਿੱਚ:-