ਪੰਨਾ:ਸਰਦਾਰ ਭਗਤ ਸਿੰਘ.pdf/133

ਇਹ ਸਫ਼ਾ ਪ੍ਰਮਾਣਿਤ ਹੈ

(੧੩੩)

ਸਾਮਰਾਜ ਦੇ ਕਿਸੇ ਕਾਨੂੰਨ, ਕਿਸੇ ਅਸਲ ਜਾਂ ਰੂਲ (ਰੂਲਜ਼) ਨੂੰ ਮੰਨਣ ਤੋਂ ਇਨਕਾਰੀ ਹਾਂ! ਬਾਗੀ ਹਾਂ। ਬਗਾਵਤ ਕਰਨਾ ਪਰਮ-ਧਰਮ ਹੈ। ਆਪ ਸਜ਼ਾ ਦੇਵੋ ਜਾਂ ਮੁਕਦਮਾ ਬਾਹਰ ਭੇਜੋ ਭੁਖ-ਹੜਤਾਲ ਉਨਾਂ ਚਿਰ ਨਹੀਂ ਟੁੱਟੇਗੀ ਜਿੰਨਾ ਚਿਰ ਮੰਗਾਂ ਪ੍ਰਵਾਨ ਨਾ ਹੋਣ।
"....ਦੇਖ ਜੁਆਨ! ਜੁਆਨੀ ਦੇ ਜੋਸ਼ ਵਿਚ ਘਬਰਾ ਨਾ। ਸਪ੍ਰੀਟੈਂਡੈਂਟ ਬੋਲਿਆ, ਤੇਰੀ ਵੀਹ ਸਾਲ ਸਜ਼ਾ ਹੈ। ਬਾਦਸ਼ਾਹ ਵਿਰੁੱਧ ਬਗਾਵਤ ਕਰਨ ਤੇ ਕਤਲ ਦੀ ਸਾਜ਼ਸ਼ ਦਾ ਮੁਕੱਦਮਾ ਅਜੇ ਚਲਣਾ ਹੈ, ਉਸ ਵਿਚ ਪਤਾ ਨਹੀਂ ਕੀ ਸਜ਼ਾ ਹੋਵੇ? ਜਗਤ ਦਾ ਅਜੇ ਤੂੰ ਕੁਝ ਦੇਖਿਆ ਨਹੀਂ। ਜੀਵਨ ਦੇ ਸੁਨਹਰੀ ਦਿਨ ਤੂੰ ਜੇਹਲ ਵਿੱਚ ਕਟਣੇ ਨੇ। ਇਸ ਵਾਸਤੇ ਸ਼ੁਰੂ ਵਿਚ ਹੀ ਆਪਣੇ ਜੇਹਲ-ਜੀਵਨ ਨੂੰ ਖ਼ਰਾਬ ਨਾ ਕਰ।
ਭਗਤ ਸਿੰਘ ਨੇ ਮੁਸਕਰਾਕੇ ਉਤਰ ਦਿਤਾ-'ਸਾਹਬ ਬਹਾਦਰ! ਮੇਰੇ ਜੀਵਨ ਦੀ ਚਿੰਤਾ ਨਾ ਕਰੀਏ! ਮੈਨੂੰ ਦਿਸਦਾ ਹੈ, ਨਵੇਂ ਮੁਕਦਮੇਂ ਵਿੱਚ ਮੈਨੂੰ ਸਜ਼ਾਏ-ਮੌਤ ਮਿਲਣੀ ਹੈ। ਕਿਸੇ ਨੇ ਅਪੀਲ ਨਹੀਂ ਸੁਣਨੀ ਤੇ ਨਾ ਸਜ਼ਾਏ-ਮੌਤ ਦੀ ਮੁਆਫੀ ਹੋਣੀ ਹੈ। ਮੈਨੂੰ ਨਾ ਜਾਨ ਦੀ ਪ੍ਰਵਾਹ ਹੈ ਨਾ ਜੇਹਲ ਜੀਵਨ ਦੇ ਖਰਾਬ ਹੋਣ ਦਾ ਕੋਈ ਭੈ ਹੈ। ਮੈਂ ਤਾਂ ਇਸ ਧਰਤੀ ਉਤੇ ਚਾਰ ਦਿਨ ਦਾ ਪ੍ਰਾਹਣਾ ਹਾਂ।
'ਜੇ ਜੀਵਨ ਪੜਾਅ ਨੂੰ ਐਨਾ ਛੋਟਾ ਸਮਝਦੇ ਜੇ ਤਾਂ ਫਿਰ ਇਸ ਭਖ-ਹੜਤਾਲ ਦਾ ਕੀ ਮਤਲਬ...ਜੇਹਲ ਸੁਧਰੇਜਾਂ ਨਾਂ।'