ਪੰਨਾ:ਸਰਦਾਰ ਭਗਤ ਸਿੰਘ.pdf/120

ਇਹ ਸਫ਼ਾ ਪ੍ਰਮਾਣਿਤ ਹੈ

( ੧੨੦ )

ਗਿਣਤੀ ਦਾ ਖਿਆਲ ਕਰਦੇ ਤਾਂ ਉਨ੍ਹਾਂ ਨੂੰ ਰਤਾ ਧੀਰਜ ਹੁੰਦੀ ਕਿ ਹੁਣ ਕੋਈ ਖ਼ਤਰਾ ਨਹੀਂ। ਜ਼ਾਰ-ਬਲ ਮਦਦ ਤੇ ਜਾਨ ਦੀ ਰਾਖੀ ਵਾਸਤੇ ਬਹੁਤ ਪੁੱਜ ਗਿਆ ਹੈ।

ਸ: ਭਗਤ ਸਿੰਘ ਤੇ ਬੀ. ਕੇ. ਦੱਤ ਇਨਕਲਾਬ ਜ਼ਿੰਦਾਬਾਦ' ਦਾ ਨਾਹਰਾ ਲਾਈ ਗਏ। ਪੁਲਸ ਅਫਸਰ ਅੱਗੇ ਵਧੇ। ਅਫਸਰਾਂ ਦੇ ਹੱਥਾਂ ਵਿੱਚ ਪਸਤੌਲ ਤਣੇ ਸਨ। ਰਤਾ ਹਰਕਤ ਕਰਨ ਤੇ ਵੀ ਉਨਾਂ ਗੋਲੀ ਚਲੌਣੋਂ ਨਹੀਂ ਸੀ ਝਿਜਕਣਾ। ਇਕ ਅਫਸਰ ਨੇ ਨੇੜੇ ਹੋਕੇ ਪੁਛਿਆ:-

"ਬੰਬ ਤੁਸੀਂ ਸੁਟਿਆ ਹੈ?"

"ਹਾਂ, ਅਸਾਂ ਨੇ ਸੁਣਿਆ ਹੈ!"

ਭਗਤ ਸਿੰਘ ਤੇ ਦੱਤ ਨੇ ਇਕ ਜ਼ਬਾਨ ਉੱਤਰ ਦਿੱਤਾ।

"ਮੈਂ ਤੁਹਾਨੂੰ ਗ੍ਰਿਫਤਾਰ ਕਰਦਾ ਹਾਂ!"

ਅਫਸਰ ਬੋਲਿਆ।

"ਜਿਵੇਂ ਜੀ ਕਰੇ ਕਰੋ!"

ਭਗਤ ਸਿੰਘ ਤੇ ਦੱਤ ਨੇ ਨਿਰਭੈਤਾ ਨਾਲ ਆਖਿਆ।

ਅਫਸਰ ਅੱਗੇ ਵਧੇ ਦੋਹਾਂ ਜੁਆਨਾਂ ਨੂੰ ਡੌਲਿਆਂ ਤੋਂ ਫੜ ਲਿਆ। ਕੁਝ ਅਫਸਰਾਂ ਨੇ ਕਾਹਲੀ ਨਾਲ ਤਲਾਸ਼ੀ ਲਈ 'ਤਲਾਸ਼ੀ ਵਿੱਚ ਦੋ ਰੀਵਾਲਵਰ ਭਗਤ ਸਿੰਘ ਤੇ ਦੱਤ ਕੋਲੋਂ ਨਿਕਲੇ। ਉਨ੍ਹਾਂ ਵਿਚ ਗੋਲੀਆਂ ਭਰੀਆਂ ਹੋਈਆਂ ਸਨ। ਉਹ ਕਿਸੇ ਦੀ ਜਾਨ ਲੈਣ ਦੇ ਕਾਬਲ ਸਨ। ਪਰ ਪਤਾ ਨਹੀਂ ਭਗਤ ਸਿੰਘ ਤੇ ਦੱਤ ਨੇ ਮਨ ਹੀ ਮਨ ਕੀ ਤਹਿ ਕਰ ਰਖਿਆ ਸੀ ਉਨ੍ਹਾਂ ਕਿਸੇ ਅਫਸਰ ਉਤੇ ਗੋਲੀ ਦਾ ਵਾਰ ਕਰਨ ਦਾ ਯਤਨ ਨਹੀਂ ਕੀਤਾ।