ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਹੁੰਦੀ, ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਰਗਟ ਕਰਨ ਦੇ ਪਰਵਰਗਾਂ ਨੂੰ ਵੀ ਪੇਸ਼ ਕਰਦੀ ਹੈ;

7. ਭੂਗੋਲ ਵੱਲ, ਕਿਸੇ ਸਭਿਆਚਾਰ ਦੇ ਹੋਂਦ-ਚੌਖਟੇ ਵਜੋਂ; ਅਤੇ ਸਭਿਆਚਾਰਕ ਅੰਸ਼ਾਂ ਦੇ ਪਸਾਰ-ਖੇਤਰ ਜਾਨਣ ਲਈ;

8. ਆਰਥਕਤਾ ਵੱਲ; ਉਤਪਾਦਨ ਅਤੇ ਪੁਨਰ-ਉਤਪਾਦਨ ਦੇ ਉਹਨਾਂ ਸੰਬੰਧਾਂ ਨੂੰ ਜਾਨਣ ਲਈ ਜਿਹੜੇ ਸਭਿਆਚਾਰਕ ਸਿਰਜਨਾਵਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਰ; ਅਤੇ ਸਮਾਜਕ-ਆਰਥਕ ਦੌਰ ਦੇ ਖਾਸੇ ਨੂੰ ਵੀ ਨਿਸਚਿਤ ਕਰਦੇ ਹਨ;

9. ਲੋਕ-ਸਿਰਜਨਾਵਾਂ, ਪ੍ਰਗਟਾ-ਵਿਧੀਆਂ ਅਤੇ ਸਮੂਹਕ ਚਿੰਤਨ ਦੇ ਢੰਗਾਂ ਵੱਲ,ਪਥਰਾਏ ਰੂਪਾਂ ਵਜੋਂ ਵਰਨਣ ਵਾਸਤੇ ਨਹੀਂ, ਸਗੋਂ ਨਿਸਚਿਤ ਸਮੇਂ ਅਤੇ ਸਥਾਨ ਵਿਚ ਹੋਂਦ ਰੱਖਦੇ ਜੀਵੰਤ ਪਰੰਪਰਾ ਦੇ ਅੰਸ਼ਾਂ ਵਜੋਂ;

10. ਪਦਾਰਥਕ ਸਭਿਆਚਾਰ ਵੱਲ, ਨਾ ਸਿਰਫ਼ ਪਦਾਰਥਕ ਵਿਕਾਸ ਦੀ ਪੱਧਰ ਪ੍ਰਗਟ ਕਰਦੇ, ਸਗੋਂ ਪ੍ਰਕਿਰਤੀ ਉੱਪਰ ਮਨੁੱਖ ਦੇ ਅਧਿਕਾਰ ਦੀ ਸੀਮਾ ਦਾ ਅੰਦਾਜ਼ਾ ਦੇਂਦੇ ਅੰਸ਼ ਵਜੋਂ;

11. ਫ਼ਲਸਫ਼ੇ ਵੱਲ, ਸੰਸਾਰ-ਦ੍ਰਿਸ਼ਟੀਕੋਨ ਦੇ ਵਿਕਾਸ ਵਜੋਂ;

12. ਕਲਾ-ਰੂਪਾਂ ਅਤੇ ਉਹਨਾਂ ਦੇ ਇਤਿਹਾਸ ਵੱਲ, ਮਨੁੱਖ ਵਲੋਂ ਆਪਣੀਆਂ ਸੁਹਜ-ਸ਼ਕਤੀਆਂ ਸਾਕਾਰ ਕਰਨ ਦੇ ਯਤਨ ਵਜੋਂ:

13. ਸਮਾਜਕ, ਧਾਰਮਿਕ ਅਤੇ ਰਾਜਨੀਤਕ ਲਹਿਰਾਂ ਦੇ ਇਤਿਹਾਸ ਵੱਲ, ਸਮੂਹਕ ਕਾਰਵਾਈ ਵਿਚ ਵਿਸ਼ੇਸ਼ ਤਬਕਿਆਂ ਦੀ ਸਹਿਮਤੀ ਦੇ ਪ੍ਰਗਟਾਅ ਵਜੋਂ; ਆਦਿ ਆਦਿ।

ਜੇ ਉਪ੍ਰੋਕਤ ਪਿਛੋਕੜ ਵਿਚ ਅਸੀਂ ਪੰਜਾਬੀ ਸਭਿਆਚਾਰ ਦੇ ਅਧਿਐਨ ਦਾ ਜਾਇਜ਼ਾ ਲੈਣਾ ਹੋਵੇ ਤਾਂ ਅਸੀਂ ਦੇਖਾਂਗੇ ਕਿ ਅਜੇ ਸਾਡਾ ਕੰਮ ਮੁੱਢਲੇ ਪੜਾਵਾਂ ਉੱਤੇ ਹੈ। ਬੇਸ਼ਕ ਜਿਹੜੇ ਅਮਲ ਅਜੇ ਸਾਡੇ ਸਾਮਾਜ ਵਿਚ ਸ਼ੁਰੂ ਨਹੀਂ ਹੋਏ, ਜਾਂ ਅਜੇ ਆਪਣੇ ਆਰੰਭਕ ਪੜਾਵਾਂ ਉੱਤੇ ਹਨ, ਜਿਸ ਕਰਕੇ ਉਹਨਾਂ ਦੇ ਪ੍ਰਭਾਵ ਅਜੇ ਉਘੜ ਕੇ ਸਾਹਮਣੇ ਨਹੀਂ ਆਏ (ਜਿਵੇਂ ਵਿਗਿਆਨਕ-ਤਕਨੀਕੀ ਇਨਕਲਾਬ ਦਾ ਅਮਲ), ਉਹਨਾਂ ਬਾਰੇ ਅਧਿਐਨ ਦੀ ਆਸ ਨਹੀਂ ਕੀਤੀ ਜਾ ਸਕਦੀ। ਪਰ ਜੋ ਕੁਝ ਹੈ, ਉਸ ਦੇ ਪੱਖੋਂ ਵੀ ਅਸੀਂ ਅਜੇ ਮੁੱਢਲੇ ਪੜਾਅ ਉੱਤੇ ਹਾਂ। ਕਿਸੇ ਵੀ ਅਧਿਐਨ ਦੀ ਪੂਰਵ-ਲੋੜ ਇਸ ਖੇਤਰ ਦੀਆਂ ਸਮੱਸਿਆਵਾਂ ਨੂੰ ਪਛਾਨਣਾ ਅਤੇ ਸੂਤ੍ਰਿਤ ਕਰਨਾ ਹੁੰਦਾ ਹੈ। ਪ੍ਰੋਫ਼ੈਸਰ ਅਤਰ ਸਿੰਘ ਦੇ ਕੁਝ ਲੇਖਾਂ ਵਿਚ ਇਹ ਯਤਨ ਹੋਇਆ ਮਿਲਦਾ ਹੈ। ਪਰ ਇਹ ਯਤਨ ਵੀ ਅਜੇ ਕਿਸੇ ਲੜੀ ਦਾ ਆਰੰਭਕ ਬਿੰਦੂ ਨਹੀਂ ਬਣ ਸਕੇ। ਇਹ ਸਥਿਤੀ ਇਹਨਾਂ ਯਤਨਾ ਬਾਰੇ ਘੱਟ ਅਤੇ ਸਭਿਆਚਾਰ ਦੇ ਖੇਤਰ ਵਿਚਲੇ ਚਿੰਤਨ ਬਾਰੇ ਵਧੇਰੇ ਟਿੱਪਣੀ ਕਰਦੀ ਹੈ।

97