ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਜਾ ਚੁੱਕੀ ਰਚਨਾ ਲਈ ਦਿੱਤੇ ਜਾਂਦੇ ਹਨ। ਪਰ ਅਸਲ ਵਿਚ ਇਹ ਕੀਤੀ ਜਾਣ ਵਾਲੀ ਰਚਨਾ ਲਈ ਸੰਕੇਤ ਵੀ ਹੁੰਦੇ ਹਨ ਕਿ 'ਇਸ ਤਰ੍ਹਾਂ ਦਾ ਸਾਹਿਤਕ ਵਿਹਾਰ ਕਰੋਗੇ ਤਾਂ ਇਨਾਮ ਪਾਓਗੇ।'

ਵੀਹਵੀਂ ਸਦੀ ਵਿਚ ਇਸ 'ਸੇਧ ਦੇਣ' ਵਾਲੇ ਮੈਕਾਨਿਜ਼ਮ ਵਿਚ ਸਾਹਿਤਕ ਜੱਥੇਬੰਦੀ ਇਕ ਮਹੱਤਵਪੂਰਨ ਅੰਸ਼ ਵਜੋਂ ਸਾਹਮਣੇ ਆਈ ਹੈ। ਸਾਹਿਤਕ ਜੱਥੇਬੰਦੀਆਂ ਵੀ ਅੱਜ ਤਿੰਨ ਪੱਧਰਾਂ ਉਤੇ ਵਿਚਰ ਰਹੀਆਂ ਹਨ ― ਸਰਕਾਰੀ, ਨੀਮ ਸਰਕਾਰੀ, ਅਤੇ ਗ਼ੈਰ-ਸਰਕਾਰੀ। ਵੈਸੇ ਤਾਂ ਰਚਨਾ-ਪ੍ਰਕਿਰਿਆ ਨਿਰੋਲ ਨਿੱਜੀ ਅਮਲ ਹੈ, ਜਿਸ ਕਰਕੇ ਇਸ ਵਿਚ ਜੱਥੇਬੰਦਕ ਦਖ਼ਲ ਨਾ ਤਾਂ ਸੰਭਵ ਹੁੰਦਾ ਹੈ ਅਤੇ ਨਾ ਹੀ ਕੋਈ ਲੇਖਕ ਇਸ ਨੂੰ ਚੇਤੰਨ ਤੌਰ ਉਤੇ ਸਵੀਕਾਰ ਕਰਦਾ ਹੈ। ਆਮ ਤੌਰ ਉੱਤੇ ਇਹ ਜੱਥੇਬੰਦੀਆਂ ਲੇਖਕ ਲਈ ਇਨਾਮ, ਟੂਰ, ਪ੍ਰਕਾਸ਼ਨ, ਅਨੁਵਾਦਾਂ ਰਾਹੀਂ ਪ੍ਰਸਾਰ, ਆਲੋਚਨਾਤਮਕ ਪ੍ਰਸ਼ੰਸਾ, ਪਦਵੀ, ਖ਼ਿਤਾਬ ਆਦਿ ਦਾ ਪ੍ਰਬੰਧ ਕਰ ਕੇ, ਅਸਿੱਧੀ ਤਰ੍ਹਾਂ ਉਸ ਦੀ ਮਾਨਸਿਕਤਾ ਨੂੰ ਪ੍ਰਭਾਵਿਤ, ਕਰਨ ਅਤੇ ਸਾਹਿਤ-ਰਚਨਾ ਦੇ ਅਮਲ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਪੱਖੋਂ ਪਹਿਲੀਆਂ ਦੋ ਤਰ੍ਹਾਂ ਦੀਆਂ ਜੱਥੇਬੰਦੀਆਂ ਦੀ ਸਮਰੱਥਾ ਅਸੀਮ ਹੁੰਦੀ ਹੈ। ਪਰ ਇਹ ਸਮਰੱਥਾ ਲੇਖਕ ਨੂੰ ਸਥਾਪਤੀ ਦੇ ਮਗਰ ਲਾਉਣ ਦੇ ਵਧੇਰੇ ਕੰਮ ਆਉਂਦੀ ਹੈ। ਇਸ ਦਾ ਗੁਣ ਦੇ ਪੱਖੋਂ ਸਾਹਿਤ ਉਪਰ ਚੰਗਾ ਅਸਰ ਪੈਣਾ ਹਮੇਸ਼ਾ ਹੀ ਸ਼ੱਕੀ ਹੁੰਦਾ ਹੈ। ਤੀਜੀ ਤਰ੍ਹਾਂ ਦੀ ਜੱਥੇਬੰਦੀ ਆਪਣੇ ਸਾਹਿਤਕ ਮਾਹੌਲ ਦੇ ਹੀ ਚੰਗੇ/ਮਾੜੇ ਪੱਖਾਂ ਦਾ ਪ੍ਰਤੀਬਿੰਬ ਹੁੰਦੀ ਹੈ। ਅਤੇ ਚੰਗੇ/ਮਾੜੇ ਤੱਤਾਂ ਦੀ ਪ੍ਰਤਿਨਿਧ ਹੁੰਦੀ ਹੈ। ਅਤੇ ਜੇ ਮਾਹੌਲ ਵਿਚ ਅਸਾਹਿਤਕ ਬਿਰਤੀਆਂ ਪ੍ਰਧਾਨ ਹੋਣ ਤਾਂ ਇਸ ਤਰ੍ਹਾਂ ਦੀ ਜੱਥੇਬੰਦੀ ਦੀਆਂ ਕੁਝ ਕਰ ਸਕਣ ਦੀਆਂ ਸਮਰੱਥਾਵਾਂ ਕਾਫ਼ੀ ਸੀਮਿਤ ਹੁੰਦੀਆਂ ਹਨ।

ਪੁਸਤਕ ਪ੍ਰਕਾਸ਼ਨ ਦੀ ਆਰਥਕਤਾ ਕਿਸੇ ਸਾਹਿਤਕ ਸਭਿਆਚਾਰ ਦੇ ਖਾਸੇ ਦਾ ਚੰਗਾ ਮਾਪ ਹੁੰਦੀ ਹੈ। ਜੇ ਲੇਖਕ ਆਪ ਪੈਸੇ ਖ਼ਰਚ ਕੇ ਪੰਜ ਸੌ ਦੀ (ਜਾਂ ਇਸ ਤੋਂ ਵੀ ਘੱਟ ਦੀ) ਐਡੀਸ਼ਨ ਛਪਵਾਉਂਦਾ ਹੈ, ਜੇ ਇਹਨਾਂ ਵਿਚੋਂ ਵੀ ਵਿਕਦੀਆਂ ਘੱਟ ਅਤੇ ਮੁਫ਼ਤ ਜ਼ਿਆਦਾ ਵੰਡੀਆਂ ਜਾਂਦੀਆਂ ਹਨ; ਵਿਕੀਆਂ ਅਤੇ ਵੰਡੀਆਂ ਵਿਚੋਂ ਪੜ੍ਹੀਆਂ ਹੋਰ ਵੀ ਘੱਟ ਜਾਂਦੀਆਂ ਹਨ, ਜੋ ਪੜ੍ਹੀਆਂ ਜਾਂਦੀਆਂ ਹਨ, ਉਹਨਾਂ ਉਪਰ ਵੀ ਸੰਤੁਲਤ ਟਿੱਪਣੀ ਘੱਟ ਹੁੰਦੀ ਹੈ, ਅਸੰਤੁਲਤ ਟਿੱਪਣੀ ਵੀ ਅੰਕੁਸ਼ ਲਾ ਕੇ ਕਢਵਾਉਣੀ ਅਤੇ ਯਤਨ ਕਰ ਕੇ ਪ੍ਰਸਾਰਨੀ ਪੈਂਦੀ ਹੈ; ਜੇ ਸਾਹਿਤ ਦੇ ਸਭ ਤੋਂ ਵੱਧ ਪ੍ਰਭਾਵਤ ਕਰ ਸਕਣ ਵਾਲੇ ਰੂਪ, ਕਵਿਤਾ, ਦੀ ਸਭ ਤੋਂ ਵੱਧ ਬੇਕਦਰੀ ਹੁੰਦੀ ਹੈ ਤਾਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸਾਹਿਤ ਅਤੇ ਸਭਿਆਚਾਰ ਦੋਵੇਂ ਹੀ ਕਿਸੇ ਦੀਰਘ ਰੋਗ ਦਾ ਸ਼ਿਕਾਰ ਹਨ ਇਹੋ ਜਿਹੀ ਅਵਸਥਾ ਵਿਚ ਸਥਿਤੀ ਦੀ ਸਾਂਝ ਤਾਂ ਹੁੰਦੀ ਹੈ, ਪਰ ਨਾ ਸਾਹਿਤ ਸਭਿਆਚਾਰ ਦਾ ਠੀਕ ਪ੍ਰਤਿਬਿੰਬ ਹੀ ਹੁੰਦਾ ਹੈ, ਅਤੇ ਨਾ ਹੀ ਇਸ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਇਕ ਤਰ੍ਹਾਂ ਦੀ ਸਾਹਿਤਕ ਅਤੇ ਸਭਿਆਚਾਰਕ ਬੇਗਾਨਗੀ ਦੀ ਸਥਿਤੀ ਹੁੰਦੀ ਹੈ।

91