ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/91

ਇਹ ਸਫ਼ਾ ਪ੍ਰਮਾਣਿਤ ਹੈ

ਹੈ ਕਿ ਕੁਝ ਰੂਪਾਕਾਰ ਤਾਂ ਕਈ ਵੱਖੋ ਵੱਖਰੇ ਸਭਿਆਚਾਰਕ ਦੌਰਾਂ ਵਿਚ ਜਾਰੀ ਰਹਿੰਦੇ ਹਨ, ਜਿਵੇਂ ਕਿ ਡਰਾਮਾ। ਵੱਖੋ ਵੱਖਰੇ ਸਭਿਆਚਾਰਕ ਦੌਰਾਂ ਦੇ ਨਾਟਕਾਂ ਵਿਚ ਦਿੱਸਦੇ ਫ਼ਰਕਾਂ ਨੂੰ ਰੂਪਾਕਾਰਕ ਫ਼ਰਕਾਂ ਵਜੋਂ ਦੇਖਣਾ ਸੰਭਵ ਨਹੀਂ। ਵਿਸ਼ੇ-ਵਸਤੂ, ਨਿਭਾਹ ਜਾਂ ਪੇਸ਼ਕਾਰੀ ਵਿਚਲੇ ਫ਼ਰਕ ਦੇਖੇ ਜਾ ਸਕਦੇ ਹਨ, ਪਰ ਇਹਨਾਂ ਫ਼ਰਕਾਂ ਦਾ ਸੰਬੰਧ ਸਮੁੱਚੇ ਸਾਹਿਤ ਨਾਲ ਹੀ ਹੁੰਦਾ ਹੈ। ਲੋਕ-ਸਾਹਿਤ ਦੇ ਰੂਪ ਹੋਰ ਵੀ ਸਥਾਈ ਹੁੰਦੇ ਹਨ। ਕਿਸੇ ਜਨ-ਸਮੂਹ ਦੇ ਜੀਵਨ ਵਿੱਚੋਂ ਉਸ ਸਮੂਹਕ ਵਿਵਹਾਰ ਦੇ, ਜਿਸ ਉਤੇ ਕਿ ਕਈ ਲੋਕ-ਸਾਹਿਤ ਦਾ ਰੂਪ ਟਿਕਿਆ ਹੁੰਦਾ ਹੈ, ਅਲੋਪ ਹੋਣ ਤੋਂ ਪਿੱਛੋਂ ਵੀ ਉਸ ਰੂਪ ਦਾ ਕਾਇਮ ਰਹਿਣਾ, ਜਾਂ ਮੁੜ ਸੁਰਜੀਤ ਹੋ ਜਾਣਾ ਕੋਈ ਅਲੋਕਾਰ ਗੱਲ ਨਹੀਂ ਹੁੰਦੀ। ਛੋਟੇ ਰੂਪ ਸ਼ਾਇਦ ਹੋਰ ਵੀ ਲੰਮਾ ਚਿਰ ਤਗਦੇ ਹਨ, ਜਿਵੇਂ ਮਾਹੀਆ, ਟੱਪੇ, ਬੋਲੀਆਂ ਆਦਿ।

ਪਰ ਤਾਂ ਵੀ ਕੁਝ ਰੂਪਾਕਾਰਾਂ ਦਾ ਸੰਬੰਧ ਨਿਸਚਿਤ ਸਭਿਆਚਾਰਕ ਅੰਸ਼ਾਂ ਦੇ ਖ਼ਤਮ ਹੋਣ ਨਾਲ ਜਾਂ ਪ੍ਰਗਟ ਹੋਣ ਨਾਲ ਜ਼ਰੂਰ ਜੋੜਿਆ ਜਾ ਸਕਦਾ ਹੈ, ਭਾਵੇਂ ਇਹੋ ਜਿਹੇ ਰੂਪਾਕਾਰ ਵੀ ਇਕ ਤੋਂ ਵੱਧ ਦੌਰਾਂ ਵਿਚ ਪ੍ਰਧਾਨ ਰਹਿੰਦੇ ਹਨ, ਜਿਵੇਂ ਕਿ ਮਹਾਂਕਾਵਿ ਵਾਰਾਂ ਆਦਿ। ਇਹ ਰੂਪਾਕਾਰ ਸਮਾਜਕ ਵਰਤਾਰਿਆਂ ਅਤੇ ਇਹਨਾਂ ਵਿਚ ਮਨੁੱਖ ਦੇ ਸਥਾਨ ਬਾਰੇ ਵਿਸ਼ੇਸ਼ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦੇ ਹਨ, ਜਿਨ੍ਹਾਂ ਵਿਚ ਮਹਾਮਾਨਵੀ ਅਤੇ ਅਲੌਕਿਕ ਸ਼ਕਤੀਆਂ ਵਿਚ ਵਿਸ਼ਵਾਸ ਇਕ ਉਘੜਵਾਂ ਅੰਸ਼ ਹੁੰਦਾ ਹੈ। ਇਸੇ ਤਰ੍ਹਾਂ ਜਨਮ-ਸਾਖੀ ਸਾਹਿਤ ਦਾ ਆਧਾਰ ਮਨੁੱਖੀ ਸ਼ਖ਼ਸੀਅਤ ਬਾਰੇ ਇਕ ਵਿਸ਼ੇਸ਼ ਸੰਕਲਪ ਹੈ, ਜਿਸ ਅਨੁਸਾਰ ਸ਼ਖ਼ਸੀਅਤਾਂ ਸਿਰਫ਼ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ―ਪਰਾ-ਮਨੁੱਖੀ ਅਤੇ ਨਿਮਨ-ਮਨੁੱਖੀ। ਨਾਇਕਤਵ ਪਰਾ-ਮਨੁੱਖੀ ਸ਼ਖ਼ਸੀਅਤਾਂ ਦੇ ਹੱਥ ਵਿਚ ਹੁੰਦਾ ਹੈ, ਜਿਹੜੀਆਂ ਮਨੁੱਖ ਅਤੇ ਪ੍ਰਕਿਰਤੀ ਦੋਹਾਂ ਉਪਰ ਹੀ ਕਰਾਮਾਤੀ ਪਰਭਾਵ ਰੱਖਦੀਆਂ ਹਨ, ਜਦ ਕਿ ਬਾਕੀ ਸਭ ਨਿਮਨ-ਮਨੁੱਖੀ ਸ਼ਖ਼ਸੀਅਤਾਂ ਹੁੰਦੀਆਂ ਹਨ, ਜਿਹੜੀਆਂ ਮਨੁੱਖ ਵਾਂਗ ਸਿੱਧੀਆਂ ਵੀ ਨਹੀਂ ਖੜੋ ਸਕਦੀਆਂ। ਸ਼ਖ਼ਸੀਅਤ ਦਾ ਇਹ ਸੰਕਲਪ ਉਸ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ, ਜਿਸ ਅਨੁਸਾਰ ਸਾਰਾ ਕੁਝ ਧੁਰੋਂ ਲਿਖਿਆ ਆਉਂਦਾ ਹੈ। ਪਰ ਜਿਉਂ ਜਿਉਂ ਮਨੁੱਖ ਨੂੰ ਅਤੇ ਸਮਾਜਕ ਵਰਤਾਰਿਆ ਨੂੰ ਉਹਨਾਂ ਦੇ ਆਪਣੇ ਸੰਦਰਭ ਵਿਚ ਰੱਖ ਕੇ ਕਾਰਨ-ਕਾਰਜ-ਅਸਰ ਦੇ ਮੰਤਕ ਨਾਲ ਸਮਝਣ ਦੀ ਰੁਚੀ ਵਧਦੀ ਜਾਂਦੀ ਅਤੇ ਜ਼ੋਰ ਫੜਦੀ ਜਾਂਦੀ ਹੈ, ਤਿਉਂ ਤਿਉਂ ਇਹੋ ਜਿਹੇ ਰੂਪਾਕਾਰਾਂ ਦਾ ਪਰਚੱਲਤ ਰਹਿਣਾ ਸੰਭਵ ਨਹੀਂ ਰਹਿੰਦਾ। ਇਹੋ ਜਿਹੀ ਰੁਚੀ ਸਮਾਜਕੇ ਗਿਆਨਾਂ ਅਤੇ ਪ੍ਰਕਿਰਤਕ ਵਿਗਿਆਨਾਂ ਦੀਆਂ ਪਰਾਪਤੀਆਂ ਤੋਂ ਬਲ ਲੈਂਦੀ ਹੈ। ਖ਼ਾਸ ਕਰਕੇ ਮਨੋਵਿਗਿਆਨ ਦੇ ਖੇਤਰ ਵਿਚਲੀਆਂ ਖੋਜਾਂ ਨੇ ਸ਼ਖ਼ਸੀਅਤ ਦੇ ਨਵੇਂ ਸੰਕਲਪ ਨੂੰ ਜਨਮ ਦਿੱਤਾ ਹੈ, ਜਿਸ ਨਾਲ ਉਪਰੋਕਤ ਰੂਪਾਕਾਰਾਂ ਵਿਚ ਪ੍ਰਗਟ ਹੁੰਦੇ ਸੰਕਲਪਾਂ ਨੂੰ ਢਾਹ ਲੱਗੀ ਹੈ। ਅਜੋਕੇ ਅਰਥਾਂ ਵਿਚ ਯਥਾਰਥਵਾਦ ਦਾ ਉਦਭਵ ਅਤੇ ਵਿਕਾਸ ਅਤੇ ਇਸ ਦੇ ਨਾਲ ਹੀ ਨਾਵਲ ਅਤੇ ਨਿੱਕੀ ਕਹਾਣੀ ਵਰਗੇ ਰੂਪਾਂ ਦਾ ਉਪਜਣਾ ਅਤੇ ਵਿਗਸਣਾ ਇਹੋ ਜਿਹੀਆਂ ਹਾਲਤਾਂ ਦਾ ਹੀ ਸਿੱਟਾ ਹੈ।

89