ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/76

ਇਹ ਸਫ਼ਾ ਪ੍ਰਮਾਣਿਤ ਹੈ

ਸੰਤੁਸ਼ਟੀ ਲਈ ਬਹੁਤੇ ਬਦਲ ਨਹੀਂ ਰੱਖਦੀਆਂ। ਪਸ਼ੂ-ਹੋਂਦ ਦਾ ਰਾਹ-ਦਿਖਾਵਾ ਵੀ ਇਹ ਮੂਲ-ਪ੍ਰਵਿਰਤੀਆਂ ਹੀ ਬਣਦੀਆਂ ਹਨ। ਬੇਸ਼ਕ ਕਈ ਪਸ਼ੂ ਵੀ ਆਪਣੀ ਜ਼ਿੰਦਗੀ ਵਿਚ ਕੁਝ ਸਿੱਖਦੇ ਹਨ। ਪਰ ਇਸ ਸਿੱਖਣ ਪਿੱਛੇ ਕੋਈ ਜਟਿਲ ਬੌਧਕ ਕਿਰਿਆ ਨਹੀਂ ਹੁੰਦੀ, ਸਗੋਂ ਇਕ ਅਨੁਕੂਲਿਤ ਪ੍ਰਵਿਰਤੀ ਕੰਮ ਕਰ ਰਹੀ ਹੁੰਦੀ ਹੈ, ਜਿਹੜੀ ਕਾਰਜ ਕਰਨ ਦੇ ਸਿੱਟੇ ਵਜੋਂ ਮਿਲਦੇ ਸੁਖ ਜਾਂ ਕਸ਼ਟ ਦੀ ਉਪਜ ਹੁੰਦੀ ਹੈ। ਪਸ਼ੂ ਆਪਣੀਆਂ ਜੀਵ-ਵਿਗਿਆਨਕ ਲੋੜਾਂ ਅਨੁਸਾਰ ਆਪਣੇ ਮਾਹੌਲ ਨੂੰ ਨਹੀਂ ਢਾਲ ਸਕਦੇ, ਨਾ ਹੀ ਮਾਹੌਲ ਵਿਚਲੀ ਤਬਦੀਲੀ ਮੁਤਾਬਕ ਆਪਣੇ ਆਪ ਨੂੰ ਤੁਰਤ ਢਾਲ ਸਕਦੇ ਹਨ। ਇਸ ਕਰਕੇ ਪਸ਼ੂ-ਜਗਤ ਵਿਚ ਪ੍ਰਕਿਰਤਕ ਚੋਣ ਦਾ ਅਮਲ ਚੱਲਦਾ ਰਹਿੰਦਾ ਹੈ, ਜਿਸ ਅਨੁਸਾਰ ਕੇਵਲ ਸਭ ਤੋਂ ਵੱਧ ਅਨੁਕੂਲਿਤ ਸਵਾਸਥ ਵਾਲੇ ਜੀਵ ਹੀ ਕਾਇਮ ਰਹਿ ਸਕਦੇ ਹਨ।

ਮਨੁੱਖ ਮੂਲ-ਪ੍ਰਵਿਰਤੀਆਂ ਲੈ ਕੇ ਨਹੀਂ ਜੰਮਦਾ, ਸਗੋਂ ਜੀਵ-ਵਿਗਿਆਨਕ ਲੋੜਾਂ ਨੂੰ ਪੂਰਿਆਂ ਕਰ ਸਕਣ ਦੀਆਂ ਸਮਰੱਥਾਵਾਂ ਲੈ ਕੇ ਜੰਮਦਾ ਹੈ। ਇਹਨਾਂ ਲੋੜਾਂ ਨੂੰ ਪੂਰਿਆ ਕਰ ਸਕਣ ਦੇ ਕਈ ਬਦਲ ਹੁੰਦੇ ਹਨ। ਇਹਨਾਂ ਲੋੜਾਂ ਨੂੰ ਬਦਲਿਆ ਵੀ ਜਾ ਸਕਦਾ ਹੈ, ਸੋਧਿਆ ਅਤੇ ਸੇਧਿਆ ਜਾ ਸਕਦਾ ਹੈ, ਅਤੇ ਬਿਨਾਂ ਜੀਵ-ਵਿਗਿਆਨਕ ਹੋਂਦ ਨੂੰ ਖ਼ਤਰੇ ਵਿਚ ਪਾਏ ਬਹੁਤੀਆਂ ਲੋੜਾਂ ਨੂੰ ਖ਼ਤਮ ਵੀ ਕੀਤਾ ਸਕਦਾ ਹੈ। ਦੁਨੀਆ ਵਿਚਲੇ ਬਹੁਤ ਸਾਰੇ ਫ਼ਲਸਫ਼ੇ ਇਹਨਾਂ ਲੋੜਾਂ ਦੀ ਦਰਜਾਬੰਦੀ ਅਤੇ ਇਹਨਾਂ ਨੂੰ ਸੰਤੁਸ਼ਟ ਕਰਨ ਵੱਲ ਵਤੀਰੇ ਉੱਤੇ ਹੀ ਟਿਕੇ ਹੋਏ ਹਨ। ਮਨੁੱਖੀ ਸਮਾਜ ਵੀ ਪਸ਼ੂਆਂ ਵਾਲੀ ਝੁੰਡਾਂ ਵਿਚ ਰਹਿਣ ਦੀ ਮੂਲ-ਪ੍ਰਵਿਰਤੀ ਦਾ ਹੀ ਵਿਗਸਿਆ ਹੋਇਆ ਰੂਪ ਨਹੀਂ, ਸਗੋਂ ਇਕ ਸੋਚਿਆ ਸਮਝਿਆ ਸੰਗਠਿਤ ਸਿਸਟਮ ਹੈ, ਜਿਸ ਵਿਚ ਵਿਅਕਤੀ ਅਤੇ ਸਮੂਹ ਦੀ ਸੰਬਾਦਕਤਾ ਵੀ ਚਲਦੀ ਰਹਿੰਦੀ ਹੈ।

ਇਸ ਸਭ ਕੁਝ ਨੂੰ ਸੰਭਵ ਬਣਾਉਣ ਪਿੱਛੇ ਵੀ ਜੀਵ-ਵਿਗਿਆਨਕ ਤੱਥ ਹੀ ਕੰਮ ਕਰ ਰਿਹਾ ਹੈ, ਅਤੇ ਉਹ ਹੈ ਮਨੁੱਖ ਦਾ ਤੰਤਵੀ ਪ੍ਰਬੰਧ, ਜਿਹੜਾ ਬੇਹੱਦ ਲਚਕਦਾਰ ਹੈ। ਅਤੇ ਇਸ ਤੰਤਵੀ ਪ੍ਰਬੰਧ ਦਾ ਕੇਂਦਰ ਬੇਹੱਦ ਵਿਗਸਤ ਅਤੇ ਸੰਗਠਿਤ ਪਦਾਰਥ ਹੈ, ਜਿਸ ਨੂੰ ਦਿਮਾਗ਼ ਕਹਿੰਦੇ ਹਨ। ਮਨੁੱਖੀ ਦਿਮਾਗ਼ ਨਾ ਸਿਰਫ਼ ਪਿਛਲੇ ਜੀਵਨ-ਤਜਰਬਿਆਂ ਨੂੰ ਅਤੇ ਤੱਥਾਂ ਨੂੰ ਯਾਦ ਰੱਖਣ ਦੀ ਸ਼ਕਤੀ ਹੀ ਰੱਖਦਾ ਹੈ, ਸਗੋਂ ਇਹਨਾਂ ਦੇ ਆਧਾਰ ਉੱਤੇ, ਬਿਨਾਂ ਕਿਸੇ ਕਾਰਜ ਵਿਚੋਂ ਗੁਜ਼ਰਣ ਦੇ, ਭਾਵਵਾਚੀ ਤਰਕ ਰਾਹੀਂ ਇਸ ਦੇ ਸਿੱਟਿਆਂ ਦੀ ਕਲਪਣਾ ਕਰ ਸਕਦਾ, ਅਤੇ ਇਸ ਤਰ੍ਹਾਂ ਆਪਣੀਆਂ ਕਿਰਿਆਵਾਂ ਦੀ ਚੋਣ ਕਰ ਸਕਦਾ, ਅਤੇ ਇਹਨਾਂ ਨੂੰ ਸੇਧ ਦੇ ਸਕਦਾ ਹੈ। ਇਸ ਸਭ ਕੁਝ ਦੇ ਸਿੱਟੇ ਵਜੋਂ ਮਨੁੱਖਾ ਜਗਤ ਉੱਤੇ ਪਸ਼ੂ-ਜਗਤ ਦੇ ਅਸੂਲ (ਪ੍ਰਕਿਰਤਕ ਚੋਣ ਆਦਿ) ਲਾਗੂ ਨਹੀਂ ਹੁੰਦੇ।

ਆਮ ਕਰਕੇ ਜੀਵ-ਵਿਗਿਆਨਕ ਵਿਰਸੇ ਨੂੰ ਸਮਾਜਿਕ ਮਾਹੌਲ ਦੇ ਵਿਰੋਧ ਵਿਚ ਰੱਖ ਕੇ ਦੇਖਿਆ ਜਾਂਦਾ ਹੈ। ਮਾਨਵ-ਵਿਗਿਆਨ ਦੀ ਇਕ ਸਭ ਤੋਂ ਵੱਡੀ ਦੇਣ ਇਹ ਹੈ ਕਿ

74