ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਸੀ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਇਹ ਸਥਿਤੀ ਬਦਲਦੀ ਗਈ। ਸਮਾਂ ਪਾ ਕੇ ਮਨੁੱਖ ਪ੍ਰਕਿਰਤੀ ਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਢਾਲਣ ਲੱਗ ਪਿਆ। ਅੱਜ ਮਨੁੱਖ ਰੇਗਿਸਤਾਨਾਂ ਨੂੰ ਹਰਿਆ-ਭਰਿਆ ਕਰਨ ਦੀ ਸਮਰੱਥਾ ਰੱਖਦਾ ਹੈ। ਸਾਇਬੇਰੀਆ ਵਰਗੇ ਸਦੀਵੀ ਬਰਫ਼ ਦੇ ਇਲਾਕਿਆਂ ਵਿਚ ਆਧੁਨਿਕ ਬਸਤੀਆਂ ਬਣਾ ਸਕਦਾ ਹੈ। ਰੇਗਿਸਤਾਨ ਵਿਚ ਠੰਡਕ ਪੈਦਾ ਕਰ ਸਕਦਾ ਹੈ। ਬਣਾਵਟੀ ਹਾਲਤਾਂ ਵਿਚ ਸੂਰਜੀ ਤਪਸ਼ ਪੈਦਾ ਕਰ ਸਕਦਾ ਹੈ। ਖ਼ਾਸ ਸਥਿਤੀ ਵਿਚ ਬਣਾਵਟੀ ਮੀਂਹ ਵੀ ਵਰ੍ਹਾ ਸਕਦਾ ਹੈ। ਇਸੇ ਲਈ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਪ੍ਰਕਿਰਤੀ ਨਾਲੋਂ ਸਭਿਆਚਾਰ ਮਨੁੱਖ ਲਈ ਨਿਰਧਾਰਣੀ ਅੰਸ਼ ਬਣ ਜਾਂਦਾ ਹੈ।

ਭੁਗੋਲ ਮਨੁੱਖ ਲਈ ਕੱਚਾ ਪਦਾਰਥ ਮੂਹਈਆ ਕਰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਕੱਚਾ ਪਦਾਰਥ ਵਰਤਿਆ ਹੀ ਜਾਇਗਾ। ਉਸ ਨੂੰ ਵਰਤਣਾ ਹੈ ਜਾਂ ਨਹੀਂ, ਜਾਂ ਕਿਵੇਂ ਵਰਤਣਾ ਹੈ, ਇਹ ਭੂਗੋਲ ਉਤੇ ਨਹੀਂ, ਸਭਿਆਚਾਰ ਉਤੇ ਨਿਰਭਰ ਕਰਦਾ ਹੈ। ਇੱਕ ਚੀਜ਼ ਵੱਖੋ-ਵੱਖਰੇ ਸਭਿਆਚਾਰਾਂ ਵਿਚ ਵੱਖੋ-ਵੱਖਰੇ ਮੰਤਵ ਸਾਰਦੀ ਹੈ। ਗਊ ਕਿਤੇ ਮਾਸ ਲਈ, ਕਿਤੇ ਦੁੱਧ ਲਈ ਅਤੇ ਕਿਤੇ ਪੂਜਣ ਲਈ ਪਾਲੀ ਜਾਂਦੀ ਹੈ। ਮਨੁੱਖ ਦਾ ਵਧਦਾ ਗਿਆਨ ਭੂਗੋਲਕ ਤੱਤਾਂ ਦੀ ਉਪਯੋਗਤਾ ਵਿਚ ਵੀ ਵਿਸ਼ਾਲਤਾ ਲਿਆਈ ਜਾਂਦਾ ਹੈ। ਮੁੱਢਲੇ ਸ਼ਿਕਾਰੀ ਲਈ ਜੰਗਲ ਸਿਰਫ਼ ਸ਼ਿਕਾਰ ਦੀ ਥਾਂ ਸਨ, ਪਰ ਅੱਜ ਜੰਗਲ ਸਰਮਾਇਆ ਵੀ ਹਨ ਵਾਯੂਮੰਡਲ ਵਿਚ ਤਬਦੀਲੀਆਂ ਲਿਆਉਣ ਦਾ ਸਾਧਨ ਵੀ ਹਨ, ਰੇਗਿਸਤਾਨਾਂ ਨੂੰ ਰੋਕ ਪਾਉਣ ਦਾ ਕੰਮ ਵੀ ਕਰਦੇ ਹਨ, ਛੁੱਟੀ ਦਾ ਦਿਨ ਗੁਜਾਰਨ ਲਈ ਰਮਣੀਕ ਥਾਂ ਵੀ ਹਨ। ਖਣਿਜ ਪਦਾਰਥਾਂ ਦੇ ਹੋਣ ਜਾਂ ਨਾ ਹੋਣ ਦੀ ਵੀ ਓਦੋਂ ਤੱਕ ਕੋਈ ਮਹੱਤਤਾ ਨਹੀਂ, ਜਦੋਂ ਤੱਕ ਉਹਨਾਂ ਦੀ ਲੋੜ ਦਾ ਪਤਾ ਨਹੀਂ ਲੱਗਦਾ। ਸਨਅਤੀ ਇਨਕਲਾਬ ਤੋਂ ਪਹਿਲਾਂ ਕੋਇਲੇ ਦੀਆਂ ਕਾਨਾਂ ਦਾ ਕੋਈ ਮਹੱਤਵ ਨਹੀਂ ਸੀ, ਜਿਵੇਂ ਐਟਮੀ ਸ਼ਕਤੀ ਤੋਂ ਪਹਿਲਾਂ ਯੂਰੇਨੀਅਮ ਦੇ ਭੰਡਾਰਾਂ ਦਾ ਕੋਈ ਲਾਭ ਨਹੀਂ ਸੀ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਖਣਿਜ ਭੰਡਾਰ ਜਿਸ ਇਲਾਕੇ ਵਿਚ ਮਿਲਦੇ ਹਨ, ਉਥੇ ਹੀ ਵਰਤੋਂ ਵਿਚ ਵੀ ਆਉਣਗੇ। ਪੰਜਾਬ ਵਿਚ ਨਾ ਕੋਇਲਾ ਹੈ, ਨਾ ਲੋਹਾ, ਪਰ ਢਲਾਈ ਅਤੇ ਮਸ਼ੀਨਰੀ ਦੀ ਛੋਟੀ ਸਨਅਤ ਇਥੇ ਕਾਫ਼ੀ ਪਰਫੁੱਲਤ ਹੈ। ਜਾਪਾਨ ਕੋਲ ਆਪਣੇ ਕੁਦਰਤੀ ਭੰਡਾਰ ਨਾ ਹੋਣ ਦੇ ਬਰਾਬਰ ਹਨ, ਤਾਂ ਵੀ ਇਹ ਸੰਸਾਰ ਦੇ ਪਹਿਲੀ ਕਤਾਰ ਦੇ ਵਿਕਸਤ ਸਨਅਤੀ ਦੇਸ਼ਾਂ ਵਿਚ ਥਾਂ ਰੱਖਦਾ ਹੈ।

ਇੱਕੋ ਹੀ ਭੂਗੋਲਿਕ ਮਾਹੌਲ ਵਿਚ ਦੋ ਬਿਲਕੁਲ ਵੱਖ ਵੱਖ ਸਭਿਆਚਾਰ ਵੀ ਪਲ ਸਕਦੇ ਹਨ। ਅਮਰੀਕਾ ਦੇ ਇੰਡੀਅਨ ਸਭਿਆਚਾਰਾਂ ਵਿਚ ਇਹ ਉਦਾਹਰਣਾਂ ਮਿਲਦੀਆਂ ਹਨ। ਆਸਟਰੇਲੀਆ ਵਿਚ ਆਦਿ-ਮਾਨਵ ਦਾ ਵੀ ਸਭਿਆਚਾਰ ਪਲਦਾ ਰਿਹਾ ਹੈ, ਗੋਰੇ ਆਵਾਸੀਆਂ ਦਾ ਸਭਿਆਚਾਰ ਵੀ ਵਧਿਆ ਫੁਲਿਆ ਹੈ। ਇੱਕੋ ਸਭਿਆਚਾਰ ਦੇ ਵੱਖੋ-ਵੱਖਰੇ ਮਾਹੌਲਾਂ ਵਿਚ ਵੀ ਰਹਿ ਸਕਦਾ ਹੈ, ਜਿਵੇਂ ਨੀਗਰੋ ਸਭਿਆਚਾਰ ਅਫ਼ਰੀਕੀ

72