ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਸਭਿਆਚਾਰਕ ਖਿੱਤੇ ਦੀ ਇਲਾਕਾਈ ਸਥਿਤੀ ਆਪਣੇ ਆਪ ਵਿਚ ਇਕ ਮਹੱਤਵਪੂਰਨ ਅੰਸ਼ ਹੈ। ਲਗਭਗ ਹਰ ਸਭਿਆਚਾਰ ਆਪਣਾ ਨਾਂ ਉਸ ਭੂਗੋਲਕ ਖਿੱਤੇ ਤੋਂ ਪਰਾਪਤ ਕਰਦਾ ਹੈ, ਜਿਸ ਉਤੇ ਉਹ ਮਿਲਦਾ ਹੈ (ਪੰਜਾਬੀ, ਬੰਗਾਲੀ, ਯੂਰਪੀ, ਆਦਿ) ਪੰਜਾਬ ਦੀ ਸੂਰਤ ਵਿਚ ਤਾਂ ਇਹ ਨਾਂ ਵੀ ਆਪਣੇ ਆਪ ਵਿਚ ਭੂਗੋਲਿਕ ਵਿਸ਼ੇਸ਼ਤਾਈ ਤੋਂ ਪਿਆ ਹੈ (ਪੰਜ+ਆਬ=ਪੰਜ ਪਾਣੀਆਂ /ਦਰਿਆਵਾਂ ਦੀ ਧਰਤੀ)। ਇਸੇ ਤਰ੍ਹਾਂ ਪੰਜਾਬ ਦੀ ਇਲਾਕਾਈ ਸਥਿਤੀ ਨੇ ਹੀ ਪੰਜਾਬੀ ਸਭਿਆਚਾਰ ਨੂੰ ਕਈ ਨਿੱਖੜਵੇਂ ਲੱਛਣ ਦਿੱਤੇ ਹਨ। ਪੰਜਾਬ ਇਕ ਸਰਹੱਦੀ ਇਲਾਕਾ ਹੋਣ ਕਰਕੇ ਇਸ ਨੂੰ 'ਭਾਰਤ ਦਾ ਦਰਵਾਜ਼ਾ' ਵੀ ਕਿਹਾ ਗਿਆ ਹੈ, 'ਭਾਰਤ ਦੀ ਢਾਲ' ਵੀ ਕਿਹਾ ਗਿਆ ਹੈ। ਸਰਹੱਦੀ ਇਲਾਕਾ ਹੋਣ ਕਰਕੇ ਹੀ ਇਹ ਅਨੇਕ ਸਭਿਆਚਾਰਾਂ ਦੇ ਮਿਸ਼ਰਣ ਦਾ ਸਥਾਨ ਬਣਿਆ। ਪੰਜਾਬੀਆਂ ਦੇ ਜੰਮਦਿਆਂ ਤੋਂ ਹੀ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨ ਨੇ, ਇਹਨਾਂ ਦੀ ਸਰੀਰਕ ਸੁਡੋਲਤਾ ਨੂੰ ਲਾਜ਼ਮੀ ਬਣਾਇਆ, ਇਹਨਾਂ ਦੇ ਮਾਨਸਕ ਵਰਤਾਰਿਆਂ ਨੂੰ ਘੜਿਆ, ਇਹਨਾਂ ਦੇ ਆਚਰਣ ਅਤੇ ਜੀਵਨ-ਦਰਸ਼ਨ ਨੂੰ ਵਿਲੱਲਤਾ ਦਿੱਤੀ। ਪੰਜਾਬ ਦੇ ਸਰਹੱਦੀ ਇਲਾਕਾ ਹੋਣ ਦੇ ਤੱਥ ਨੇ ਹੀ ਇਕ ਤਰ੍ਹਾਂ ਦੀ ਉਲਟੀ ਭੁਗੋਲਿਕ ਸਿਆਸਤ ਨੂੰ ਜਨਮ ਦਿੱਤਾ ਹੈ, ਜਿਹੜੀ ਪੰਜਾਬ ਨੂੰ ਸੌੜਿਆਂ ਕਰੀ ਜਾਣ, ਇਸ ਨੂੰ ਜ਼ਰੱਈ ਖਿੱਤਾ - ਬਣਾਈ ਰੱਖਣ ਅਤੇ ਵੱਡੀਆਂ ਸਨਅਤਾਂ ਤੋਂ ਸੱਖਣਿਆਂ ਰੱਖਣ ਲਈ ਜ਼ਿੰਮੇਵਾਰ ਕਾਰਨਾਂ ਵਿਚੋਂ ਇਕ ਹੈ।

ਆਮ ਕਰਕੇ ਜਿਸ ਵੇਲੇ ਸਭਿਆਚਾਰ ਅਤੇ ਭੂਗੋਲ ਦੇ ਅੰਤਰ-ਸੰਬੰਧਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਭੂਗੋਲ ਤੋਂ ਭਾਵ ਉਹ ਪ੍ਰਕਿਰਤਕ ਹਾਲਤਾਂ ਹੁੰਦੀਆਂ ਹਨ, ਜਿਹੜੀਆਂ ਸਭਿਆਚਾਰ-ਵਿਸ਼ੇਸ਼ ਦੇ ਖਿੱਤੇ ਵਿਚ ਮਿਲਦੀਆਂ ਹਨ। ਇਹਨਾਂ ਵਿਚ ਜ਼ਮੀਨ ਦੀ ਬਣਤਰ, ਇਸ ਦਾ ਉਪਜਾਊ ਜਾਂ ਗ਼ੈਰ-ਉਪਜਾਊ ਹੋਣਾ, ਜਲ-ਸੋਮਿਆਂ ਦੀ ਹੋਂਦ /ਅਣਹੋਂਦ, ਤਾਪਮਾਨ ਦੀ ਸਥਿਤੀ, ਬਾਰਸ਼ਾਂ ਦੀ ਮਾਤਰਾ, ਪਹਾੜਾਂ, ਜੰਗਲਾਂ, ਰੇਗਿਸਤਾਨਾਂ ਦੀ ਹੋਂਦ/ਅਣਹੋਂਦ, ਖਣਿਜ ਪਦਾਰਥਾਂ ਦੇ ਪੱਖੋਂ ਸਥਿਤੀ ਆਦਿ, ਸ਼ਾਮਲ ਹਨ। ਕੁਝ ਮਾਨਵ-ਵਿਗਿਆਨ ਜਾਂ ਸਮਾਜ-ਵਿਗਿਆਨੀ ਐਸੇ ਹਨ ਜਿਹੜੇ ਇਹ ਮੱਤ ਰਖਦੇ ਹਨ ਕਿ ਭੁਗੋਲਕ ਹਾਲਤਾਂ ਸਭਿਆਚਾਰ ਦੀ ਰੂਪ-ਰੇਖਾ ਨਿਰਧਾਰਤ ਕਰਦੀਆਂ ਹਨ। ਪਰ ਬਹੁਤੇ ਵਿਗਿਆਨੀ ਭੂਗੋਲ ਨੂੰ ਨਿਰਧਾਰਣੀ ਮਹੱਤਤਾ ਨਹੀਂ ਦੇਂਦੇ, ਭਾਵੇਂ ਇਹਨਾਂ ਦੇ ਡੂੰਘੇ ਅੰਤਰ-ਸੰਬੰਧ ਤੋਂ ਕੋਈ ਵੀ ਮੁਨਕਰ ਨਹੀਂ।

ਅਸੀਂ ਸਭਿਆਚਾਰ ਨੂੰ ਪ੍ਰਕਿਰਤੀ ਦੇ ਖ਼ਿਲਾਫ਼ ਮਨੁੱਖ ਦੇ ਘੋਲ ਦੀ ਉਪਜ ਕਿਹਾ ਹੈ। ਪਰ ਇਹ ਘੋਲ ਹਮੇਸ਼ਾਂ ਹੀ ਇਕੋ ਪੱਧਰ ਉਤੇ ਨਹੀਂ ਚੱਲਦਾ। ਸ਼ੁਰੂ ਸ਼ੁਰੂ ਵਿਚ ਨਿਸਚੇ ਹੀ ਪ੍ਰਕਿਰਤੀ ਸਭਿਆਚਾਰ ਨੂੰ ਨਿਰਧਾਰਤ ਕਰਨ ਵਾਲਾ ਇੱਕੋ ਇੱਕ ਮਹੱਤਵਪੂਰਨ ਅੰਸ਼ ਸੀ, ਅਤੇ ਮਨੁੱਖ ਦਾ ਇੱਕੋ ਇੱਕ ਫ਼ਿਕਰ ਮਿਲਦੀਆਂ ਪ੍ਰਕਿਰਤਕ ਹਾਲਤਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਣਾ ਅਤੇ ਇਸ ਤਰ੍ਹਾਂ ਆਪਣੀ ਹੋਂਦ ਕਾਇਮ ਰੱਖਣਾ

71