ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਮਾਨਵ ਪ੍ਰਕਿਰਤੀ ਅਤੇ ਮਾਹੌਲ ਦੇ ਖ਼ਿਲਾਫ਼ ਲੜਾਈ ਵਿਚ ਇਕੱਲਾ ਆਪਣੀ ਹੋਂਦ ਕਾਇਮ ਨਹੀਂ ਸੀ ਰੱਖ ਸਕਦਾ।

ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਖ਼ਾਤਰ ਪ੍ਰਕਿਰਤੀ ਅਤੇ ਮਾਹੌਲ ਦੇ ਖ਼ਿਲਾਫ਼ ਸਮਾਜਕ ਮਨੁੱਖ ਦੀ ਲੜਾਈ ਵਿਚੋਂ ਹੀ ਉਸ ਵਰਤਾਰੇ ਨੇ ਜਨਮ ਲਿਆ ਜਿਸ ਨੂੰ 'ਸਭਿਆਚਾਰ' ਕਹਿੰਦੇ ਹਨ। 'ਸਭਿਆਚਾਰ' ਦੇ ਅੰਗਰੇਜ਼ੀ ਸਮਾਨਾਰਥਕ ਸ਼ਬਦ 'ਕਲਚਰ' ਦਾ ਮੂਲ ਲਾਤੀਨੀ ਟਕਲਟਸ' ਹੈ, ਜਿਹੜਾ ਅੰਗਰੇਜ਼ੀ ਦੇ ਸ਼ਬਦ 'ਕਲਟੀਵੇਟ' ਵਾਂਗ ਹੀ ਬਹੁਤ ਵੱਖੋ-ਵੱਖਰੀਆਂ ਸਥਿਤੀਆਂ ਲਈ ਵਰਤਿਆ ਜਾਂਦਾ ਹੈ। ਜ਼ਮੀਨ ਦੀ ਵਾਹੀ, ਮਨ ਸਾਧਣ ਲਈ, ਗਿਆਨ ਪ੍ਰਾਪਤ ਕਰਨ ਲਈ, ਸ੍ਵੈ-ਪੂਰਨਤਾ ਲਈ, ਧਰਮ ਪਾਲਣ ਲਈ, ਆਦਿ। ਅੰਗਰੇਜ਼ੀ ਵਿਚ 'ਕਲਚਰ' ਦੇ ਅਰਥਾਂ ਦਾ ਵਿਕਾਸ ਖੇਤੀ ਤੋਂ ਲੈ ਕੇ ਸ਼ਖ਼ਸੀਅਤ ਦੀ ਸਾਧਨਾ ਅਤੇ ਵਿਕਾਸ ਤੱਕ, ਅਤੇ ਫਿਰ ਉਸ ਵਰਤਾਰੇ ਤੱਕ ਹੋਇਆ ਹੈ, ਜਿਸ ਬਾਰੇ ਇਹ ਪੁਸਤਕ ਹੈ। ਇਸ ਦਾ ਮੂਲ ਅਰਥ 'ਧਰਤੀ ਵਾਹੁਣਾ' ਵੀ ਇਸ ਸ਼ਬਦ ਦੇ ਇਕ ਮਹੱਤਵਪੂਰਨ ਪੱਖ ਨੂੰ ਪੇਸ਼ ਕਰਦਾ ਹੈ, ਕਿਉਂਕਿ ਵਾਹੀ ਪ੍ਰਕਿਰਤੀ ਤੋਂ ਆਪਣੇ ਯਤਨਾਂ ਨਾਲ ਉਹ ਕੁਝ ਪ੍ਰਾਪਤ ਕਰਨਾ ਹੈ, ਜੋ ਕੁਝ ਪ੍ਰਕਿਰਤੀ ਆਪੇ ਨਹੀਂ ਦੇਂਦੀ। ਇਥੋਂ ਹੀ ਇਹ ਸ਼ਬਦ ਤੁਰਦਾ ਹੋਇਆ ਆਖ਼ਰ ਉਹਨਾਂ ਅਰਥਾਂ ਤੱਕ ਪੁੱਜ ਗਿਆ ਹੈ, ਜਿਹੜੇ ਇਹ ਅੱਜ ਦੇਂਦਾ ਹੈ ― ਮਨ ਅਤੇ ਬੁੱਧੀ ਨੂੰ ਸਾਧਣਾ, ਚੰਗੀਆਂ ਆਦਤਾਂ ਪਾਉਣਾ, ਸ਼ਖ਼ਸੀਅਤ ਨੂੰ ਉੱਜਲ ਬਣਾਉਣਾ, ਜ਼ਿੰਦਗੀ ਨੂੰ ਹੋਰ ਸੋਹਣਾ ਤੇ ਸੁਖੀ ਬਣਾਉਣਾ ਅਤੇ ਉਸ ਲਈ ਸਾਧਨ ਪੈਦਾ ਕਰਨਾ; ਦੂਜੇ ਸ਼ਬਦਾਂ ਵਿਚ ਪ੍ਰਕਿਰਤਕ ਜੀਵ ਤੋਂ ਸਭਿਆਚਾਰਕ ਜੀਵ ਬਣਨਾ। ਪ੍ਰਕਿਰਤੀ ਦੇ ਖ਼ਿਲਾਫ਼ ਘੋਲ ਵਿਚ ਮਨੁੱਖ ਦੀ ਪ੍ਰਾਪਤੀ ਅਤੇ ਉੱਚਤਾ ਉਸ ਦੇ ਸਭਿਆਚਾਰ ਦਾ ਮਾਪ ਹੈ। ਅਤੇ ਇਸ ਪ੍ਰਕਿਰਤੀ ਵਿਚ ਮਨੁੱਖ ਦੇ ਅੰਦਰਲੀ ਪ੍ਰਕਿਰਤੀ ਵੀ ਸ਼ਾਮਲ ਹੈ, ਅਤੇ ਬਾਹਰਲੀ ਪ੍ਰਕਿਰਤੀ ਵੀ।

ਇਸ ਤਰ੍ਹਾਂ ਨਿਸ਼ਚਿਤ ਪ੍ਰਕਿਰਤਕ ਮਾਹੌਲ ਤੋਂ ਪੈਦਾ ਹੁੰਦੀਆਂ ਨਿਸ਼ਚਿਤ ਸਮੱਸਿਆਵਾਂ ਦਾ ਸਮਾਧਾਨ ਮਿਲ ਕੇ ਮਨੁੱਖੀ ਸਭਿਆਚਾਰ ਬਣਦਾ ਗਿਆ। ਪਰ ਧਰਤੀ ਉਪਰਲੀਆਂ ਪ੍ਰਕਿਰਤਕ ਹਾਲਤਾਂ ਇਕੋ ਜਿਹੀਆਂ ਨਹੀਂ ਸਨ। ਇਸ ਕਰਕੇ ਇਹਨਾਂ ਵੱਖ-ਵੱਖਰੀਆਂ ਹਾਲਤਾਂ ਵਿਚ ਰਹਿੰਦੇ ਜਨ-ਸਮੂਹਾਂ ਦੀਆਂ ਸਮੱਸਿਆਵਾਂ ਵੀ ਵੱਖ ਵੱਖ ਸਨ, ਅਤੇ ਉਹਨਾਂ ਦੇ ਸਮਾਧਾਨ ਵੀ। ਇਸ ਤਰ੍ਹਾਂ ਸਭਿਆਚਾਰਾਂ ਦੇ ਵਖਰੇਵੇਂ ਨੇ ਜਨਮ ਲਿਆ।

ਜਿਉਂ ਜਿਉਂ ਪ੍ਰਕਿਰਤੀ ਉਤੇ ਮਨੁੱਖ ਦਾ ਕਾਬੂ ਵਧਦਾ ਗਿਆ, ਉਸੇ ਹਿਸਾਬ ਨਾਲ ਉਸ ਦੇ ਸਭਿਆਚਾਰਕ ਸੰਦ ਵੀ ਬਿਹਤਰ ਹੁੰਦੇ ਗਏ ਅਤੇ ਸਭਿਆਚਾਰ ਵੀ ਵਿਕਾਸ ਕਰਦਾ ਗਿਆ। ਇਸ ਤਰ੍ਹਾਂ ਨਾਲ ਨਾਂ ਸਿਰਫ਼ ਪ੍ਰਕਿਰਤਕ ਹਾਲਤਾਂ ਦੇ ਉੱਤਰ ਵਿਚ ਵੱਖ ਵੱਖ ਸਭਿਆਚਾਰ ਪੈਦਾ ਹੋ ਗਏ, ਸਗੋਂ ਇਕ ਸਭਿਆਚਾਰ ਵੀ ਵੱਖੋ ਵੱਖਰੇ ਸਮੇਂ ਇਕੋ ਜਿਹਾ ਨਾ ਰਿਹਾ, ਕਿਉਂਕਿ ਪ੍ਰਕਿਰਤੀ ਉਤੇ ਮਨੁੱਖ ਦੀ ਵਧਦੀ ਸਿਕਦਾਰੀ ਨਾਲ, ਇਕ ਥਾਂ ਉੱਤੇ ਵੀ ਮਨੁੱਖ ਅਤੇ ਪ੍ਰਕਿਰਤੀ ਦੇ ਪਰਸਪਰ ਰਿਸ਼ਤੇ ਵਿਚ ਤਬਦੀਲੀ ਆਉਂਦੀ

36