ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹੁੰਦਾ, ਸਗੋਂ ਬਿਲਕੁਲ ਨਿਤਾ-ਪ੍ਰਤਿ ਦੇ ਜੀਵਨ ਤੋਂ ਲੈ ਕੇ ਬ੍ਰਹਿਮੰਡੀ ਵਰਤਾਰਿਆਂ ਤਕ ਕਿਸੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਪ੍ਰਤੀਕਾਤਮਿਕ ਢੰਗ ਨਾਲ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਦਰਸ਼ਨ ਜਾਂ ਫ਼ਲਸਫ਼ਾ ਸਮੁੱਚੇ ਮਨੁੱਖੀ ਜੀਵਨ ਦੇ ਵਰਤਾਰਿਆਂ ਨੂੰ ਆਮਿਆਏ ਸੰਕਲਪਾਂ ਦੇ ਰੂਪ ਵਿਚ ਦੇਖਣ ਦਾ ਅਤੇ ਉਹਨਾਂ ਦੀ ਵਿਆਖਿਆ ਕਰਨ ਦਾ ਯਤਨ ਹੁੰਦਾ ਹੈ, ਜਿਸ ਉਤੇ ਸਮੇਂ ਦੇ ਸਮਾਜ ਦੀ ਮੋਹਰ ਲੱਗੀ ਹੁੰਦੀ ਹੈ। ਕਲਾ, ਸਾਹਿਤ ਅਤੇ ਧਰਮ ਆਦਿ ਵੀ ਇਹੋ ਭੂਮਿਕਾ ਨਿਭਾਉਂਦੇ ਹਨ। ਇਹਨਾਂ ਤੋਂ ਵੀ ਸਾਨੂੰ ਸਮਾਜਕ ਆਦਰਸ਼ਾਂ ਦਾ ਪਤਾ ਲੱਗਦਾ ਹੈ, ਜਿਹੜੇ ਪ੍ਰਤਿਮਾਨਿਕ ਸਭਿਆਚਾਰ ਦੇ ਪਿੱਛੇ ਕੰਮ ਕਰ ਰਹੇ ਹੁੰਦੇ ਹਨ ਅਤੇ ਇਸ ਨੂੰ ਸੇਧ ਦੇ ਰਹੇ ਹੁੰਦੇ ਹਨ।

ਭਾਵੇਂ ਪਦਾਰਥਕ ਸਭਿਆਚਾਰ ਵਾਂਗ ਬੋਧਾਤਮਿਕ ਸਭਿਆਚਾਰ ਦੇ ਨਿੱਕੇ ਤੋਂ ਨਿੱਕੇ ਭਾਵ-ਪੂਰਨ ਅੰਸ਼ਾਂ ਦੀ ਸੂਚੀ ਬਣਾਉਣਾ ਵੀ ਲਗਭਗ ਅਸੰਭਵ ਜਿਹੀ ਗੱਲ ਹੈ, ਤਾਂ ਵੀ ਖ਼ਾਸ ਸਮੇਂ ਕਿਸੇ ਸਮਾਜ ਵਿਚ ਮਿਲਦੇ ਪ੍ਰਧਾਨ ਬੋਧਾਤਮਿਕ ਅੰਸ਼ਾਂ ਨੂੰ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੇ ਰੂਪ ਵਿਚ ਨਿਸ਼ਚਿਤ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ, ਕਠਿਨ ਮਿਹਨਤ, ਦਲੇਰੀ, ਪ੍ਰਾਹੁਣਾਚਾਰੀ ਪੰਜਾਬੀ ਸਭਿਆਚਾਰ ਦੇ ਪੱਥ-ਪ੍ਰਦਰਸ਼ਕ ਗੁਣ ਸਮਝੇ ਜਾਂਦੇ ਰਹੇ ਹਨ, ਅਤੇ ਸ਼ਾਇਦ ਉਦੋਂ ਤਕ ਬਣੇ ਰਹਿਣਗੇ ਜਦੋਂ ਤਕ ਤੰਗ ਮਾਇਕ ਲਾਭ ਜਾਂ ਸੌੜੇ ਹਿਤ ਇਹਨਾਂ ਦੀ ਥਾਂ ਨਹੀਂ ਲੈ ਲੈਂਦੇ। ਉਸ ਸੂਰਤ ਵਿਚ ਪੰਜਾਬੀ ਨੇ ਪੰਜਾਬੀ ਤਾਂ ਕੀ ਰਹਿਣਾ ਹੈ, ਬੰਦਾ ਵੀ ਰਹਿੰਦਾ ਹੈ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸੇ ਸਮਾਜ ਦਾ ਸਾਹਿਤ ਆਪਣੇ ਸਮੇਂ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦਾ ਭਰਪੂਰ ਪ੍ਰਤਿਬਿੰਬ ਹੋ ਸਕਦਾ ਹੈ, ਜਿਸ ਤੋਂ ਅਸੀਂ ਸਮਾਜ ਦੇ ਉਸ ਵੇਲੇ ਦੇ ਆਦਰਸ਼ਾਂ ਦਾ ਪਤਾ ਲਾ ਸਕਦੇ ਹਾਂ।

ਪ੍ਰਤੀਕ, ਬੋਧਾਤਮਿਕ ਸਭਿਆਚਾਰ ਵਿਚ ਭਰਪੂਰ ਭੂਮਿਕਾ ਨਿਭਾਉਂਦੇ ਹਨ। ਇਹ ਨਾ ਸਿਰਫ਼ ਬੋਧ ਹੀ ਕਰਾਉਂਦੇ ਹਨ, ਸਗੋਂ ਪ੍ਰਗਟਾਅ ਦਾ ਮਾਧਿਅਮ ਵੀ ਬਣਦੇ ਹਨ। ਪਰ ਇਹਨਾਂ ਬਾਰੇ ਅਸੀਂ ਅੱਗੇ ਚੱਲ ਕੇ ਲਿਖਾਂਗੇ।

ਸਭਿਆਚਾਰ ਦੇ ਇਹਨਾਂ ਤਿੰਨਾਂ ਭਾਗਾਂ ਦਾ ਨਿਖੇੜ ਨਾ ਸਿਰਫ਼ ਬੌਧਿਕ ਪੱਧਰ ਉਤੇ ਹੀ, ਸਗੋਂ ਵਿਹਾਰਕ ਪੱਧਰ ਉਤੇ ਵੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਹਨਾਂ ਵਿਚਲੇ ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਨੂੰ ਵੀ ਦੇਖਿਆ ਜਾ ਸਕਦਾ ਹੈ। ਕੋਈ ਗੱਲ ਕਿਵੇਂ ਕਰਨੀ ਹੈ, ਕਿਵੇਂ ਨਹੀਂ ਕਰਨੀ? ਇਸ ਦਾ ਗਿਆਨ ਸਾਨੂੰ ਪ੍ਰਤਿਮਾਨਿਕ ਸਭਿਆਚਾਰ ਤੋਂ ਮਿਲੇਗਾ। ਪਰ ਕਿਉਂ ਕਰਨੀ ਹੈ ਅਤੇ ਕਿਉਂ ਨਹੀਂ ਕਰਨੀ? ਇਸ ਦਾ ਪਤਾ ਬੋਧਾਤਮਿਕ ਸਭਿਆਚਾਰ ਤੋਂ ਲੱਗੇਗਾ। ਅਕਸਰ ਇਕੋ ਸਭਿਆਚਾਰਕ ਅੰਸ਼ ਜਾਂ ਅੰਸ਼-ਜੁੱਟ ਸਭਿਆਚਾਰ ਦੇ ਤਿੰਨਾਂ ਭਾਗਾਂ ਨਾਲ ਹੀ ਸੰਬੰਧਤ ਹੁੰਦਾ ਹੈ। ਉਦਾਹਰਣ ਵਜੋਂ, ਸਿਗਰਟ ਕਿਵੇਂ ਪੀਣੀ ਹੈ?―ਇਹ ਪ੍ਰਤਿਮਾਨਿਕ ਸਭਿਆਚਾਰ ਦਾ ਅੰਗ ਹੈ। ਇਹ

32