ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਤਿਮਾਨਿਕ ਸਭਿਆਚਾਰ ਦਾ ਇਹ ਦਵੰਦਮਈ ਰਿਸ਼ਤਾ ਕਈ ਪੱਖਾਂ ਤੋਂ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦਾ ਅਜੇ ਤਕ ਕੋਈ ਨਿਸ਼ਚਿਤ ਜਵਾਬ ਨਹੀਂ। ਉਦਾਹਰਣ ਵਜੋਂ, ਕੀ ਕਾਨੂੰਨ ਆਦਰਸ਼ਕ ਨੂੰ ਸੂਤ੍ਰਿਤ ਕਰਦਾ ਹੈ, ਜਾਂ ਵਿਆਪਕ ਨੂੰ? ਜੇ ਇਹ ਆਦਰਸ਼ਕ ਨੂੰ ਸੂਤ੍ਰਿਤ ਕਰਦਾ ਹੈ, ਤਾਂ ਕੀ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ, ਜੇ ਉਹ ਵਿਆਪਕ ਦੇ ਨਾਲ ਵਿਰੋਧ ਵਿਚ ਆਉਂਦਾ ਹੋਵੇ? ਜੇ ਵਿਆਪਕ ਨੂੰ ਸੂਤ੍ਰਿਤ ਕਰਦਾ ਹੈ ਤਾਂ ਕੀ ਉਹ ਸਥਾਪਤੀ ਨੂੰ ਪੱਕਿਆਂ ਕਰਨ ਦਾ ਸਾਧਨ ਹੈ ਜਾਂ ਕਿ ਤਬਦੀਲੀ ਲਿਆਉਣ ਦਾ ਸਾਧਨ ਵੀ ਹੋ ਸਕਦਾ ਹੈ? ਫਿਰ ਇਹ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ ਕੀ ਵਿਧਾਨਸਾਜ਼ੀ ਵਿਚ ਵਿਧਾਨਸਾਜ਼ਾਂ ਦੇ ਜਾਤੀ ਸਨਕ ਕੋਈ ਰੋਲ ਅਦਾ ਨਹੀਂ ਕਰਦੇ?

ਕਾਨੂੰਨ ਅਤੇ ਮਨੁੱਖ ਦੇ ਸਮਾਜਕ ਵਿਹਾਰ ਦਾ ਰਿਸ਼ਤਾ ਵੀ ਕਾਫ਼ੀ ਜਟਿਲ ਹੈ ਅਤੇ ਆਪਣੇ ਠੋਸ ਸੰਦਰਭ ਵਿਚ ਹੀ ਅਧਿਐਨ ਦੀ ਮੰਗ ਕਰਦਾ ਹੈ। ਕਿਸੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਹੁਗਿਣਤੀ ਸਮਾਜਕ ਰਾਏ ਹੀਰੋ ਦਾ ਰੁਤਬਾ ਵੀ ਦੇ ਸਕਦੀ ਹੈ, ਜਦ ਕਿ ਸਮਾਜ ਦਾ ਇਕ ਭਾਗ ਉਸ ਨੂੰ ਮੁਜਰਿਮ ਹੀ ਮੰਨੇਗਾ। ਮਧਕਾਲੀ ਡਾਕੂਆਂ ਵੱਲ ਵੀ ਸਮਾਜ ਦਾ ਦੋਹਰਾ ਵਿਹਾਰ ਸਾਡੀ ਲੋਕਧਾਰਾ ਵਿਚ ਅੰਕਿਤ ਹੈ। ਅੱਜ ਦੇ ਸਮਾਜ ਵੀ ਆਪਣੇ ਪ੍ਰਤਿਕਰਮਾਂ ਕਰਕੇ ਜ਼ਰੂਰੀ ਨਹੀਂ ਇਹ ਦੋਹਰਪਣ ਨਾ ਰਖਦੇ ਹੋਣ। ਪਰ ਲਿਖਤੀ ਰੂਪ ਵਿਚ ਨਿਸ਼ਚਿਤ ਹੋਂਦ ਧਾਰ ਲੈਣ ਕਰਕੇ ਇਹ ਕਾਨੂੰਨ ਸਮਾਜਕ ਸਥਿਰਤਾ ਦਾ ਸਾਧਨ ਬਣਦੇ ਹਨ; ਇਕ ਖ਼ਾਸ ਹੱਦ ਤੱਕ ਹੀ ਇਹ ਸਮਾਜਕ ਤਬਦੀਲੀ ਨੂੰ ਪ੍ਰਤਿਬਿੰਬਤ ਕਰਦੇ ਹਨ, ਸਗੋਂ ਵਧੇਰੇ ਕਰਕੇ ਸਮਾਜਕ ਤਬਦੀਲੀ ਦੀ ਲੋੜ ਨੂੰ ਵੀ ਕਾਨੂੰਨ ਦੀ ਉਲੰਘਣਾ ਦਾ ਦਰਜਾ ਦੇ ਕੇ ਉਸ ਨੂੰ ਵਿਘਨਕਾਰੀ ਸਮਝਦੇ ਅਤੇ ਉਸ ਦੇ ਲਈ ਰੁਕਾਵਟ ਬਣਦੇ ਹਨ। ਇਸੇ ਲਈ ਕਾਨੂੰਨ ਵਿਚ ਬੁਨਿਆਦੀ ਤਬਦੀਲੀਆਂ ਉਦੋਂ ਤੱਕ ਸੰਭਵ ਨਹੀਂ ਹੁੰਦੀਆਂ, ਜਦੋਂ ਤੱਕ ਸਮਾਜ ਦੀ ਬਣਤਰ ਅਤੇ ਸਮਾਜਿਕ ਰਿਸ਼ਤਿਆਂ ਵਿਚ ਬੁਨਿਆਦੀ ਤਬਦੀਲੀਆਂ ਨਾ ਆ ਜਾਣ। ਇਸ ਤਰ੍ਹਾਂ ਨਾਲ ਕਿਸੇ ਸਮਾਜ ਦੀ ਦੰਡਾਵਲੀ ਉਸ ਸਮਾਜ ਦੇ ਇਕ ਸਮੁੱਚੇ ਪੜਾਅ ਦੀ ਬੜੀ ਚੰਗੀ ਸੂਚਕ ਹੋ ਸਕਦੀ ਹੈ।

ਸਭਿਆਚਾਰਕ ਸਿਸਟਮ ਦੇ ਤੀਜੇ ਅੰਗ ਨੂੰ ਅਸੀਂ ਬੋਧਾਤਮਿਕ ਸਭਿਆਚਾਰ ਕਿਹਾ ਹੈ। ਇਸ ਵਿਚ ਵਿਚਾਰ, ਵਤੀਰੇ, ਵਿਸ਼ਵਾਸ ਆਦਿ ਆ ਜਾਂਦੇ ਹਨ। ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ― ਸਾਰਾ ਕੁਝ ਇਸ ਅੰਗ ਵਿਚ ਆਉਂਦਾ ਹੈ। ਜੋ ਪ੍ਰਤਿਮਾਨਿਕ ਸਭਿਆਚਾਰ ਸਮਾਜਕ ਕਾਰਜ ਦੀ ਉਚਿਤਤਾ ਜਾਂ ਅਣਉਚਿਤਤਾ ਬਾਰੇ ਮਿਆਰ ਕਾਇਮ ਕਰਦਾ ਹੈ, ਤਾਂ ਇਹਨਾਂ ਮਿਆਰਾਂ ਦਾ ਸੋਮਾਂ ਉਹ ਫ਼ਲਸਫ਼ਾ, ਸੰਸਾਰ-ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਨੇ ਆਪਣੀਆਂ ਉਪਰੋਕਤ ਸਿਰਜਨਾਵਾਂ ਵਿਚ ਰਣਚੇਈ ਢੰਗ ਨਾਲ ਸਾਕਾਰ ਕੀਤਾ ਹੁੰਦਾ ਹੈ। ਮਿਥਿਹਾਸ ਕੇਵਲ ਕਾਲਪਣਿਕ ਕਹਾਣੀ

31