ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਲਾਜ਼ਮੀ ਸਮਝਿਆ ਜਾਂਦਾ ਹੈ। ਇਹੀ ਪਰਿਭਾਸ਼ਾ ਥੋੜ੍ਹੀ ਬਹੁਤ ਸੋਧ ਨਾਲ ਬਹੁਤੀਆਂ ਪੱਛਮੀ ਪਰਿਭਾਸ਼ਾਵਾਂ ਦਾ ਆਧਾਰ ਹੈ। ਟਾਇਲਰ ਅਨੁਸਾਰ—"ਸਭਿਆਚਾਰ ... ਉਹ ਜਟਿਲ ਸਮੂਹ ਹੈ ਜਿਸ ਵਿਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਮਨੁੱਖ, ਸਮਾਜ ਦੇ ਇਕ ਮੈਂਬਰ ਹੋਣ ਦੇ ਨਾਤੇ, ਗ੍ਰਹਿਣ ਕਰਦਾ ਹੈ।"2

ਇਸ ਪਰਿਭਾਸ਼ਾ ਵਿਚ ਕੁਝ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ ਹਨ। ਇਕ, ਇਸ ਵਿਚ ਉਹ ਚੀਜ਼ਾਂ ਗਿਣਵਾਂ ਦਿੱਤੀਆਂ ਗਈਆਂ ਹਨ, ਜਿਹੜੀਆਂ ਸਭਿਆਚਾਰ ਵਿਚ ਆਉਂਦੀਆਂ ਹਨ (ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ); 'ਹੋਰ ਸਭ ਸਮੱਰਥਾਵਾਂ ਅਤੇ ਆਦਤਾਂ' ਅਨਿਸਚਿਤ ਛੱਡ ਕੇ ਇਸ ਸੂਚੀ ਵਿਚ ਹੋਰ ਵਾਧਾ ਕਰਨ ਦੀ ਸੰਭਾਵਨਾ ਕਾਇਮ ਰੱਖੀ ਗਈ ਹੈ। ਇਸ ਵਿਚ ਇਹ ਵੀ ਦੱਸ ਦਿੱਤਾ ਗਿਆ ਹੈ ਕਿ ਸਭਿਆਚਾਰ ਗ੍ਰਹਿਣ ਕੀਤਾ ਜਾਂਦਾ ਹੈ, ਭਾਵ ਇਹ ਜੀਵ-ਵਿਗਿਆਨਕ ਵਿਰਸੇ ਵਿਚ ਨਹੀਂ ਮਿਲਦਾ। ਅਤੇ ਮਨੁੱਖ ਇਸ ਨੂੰ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ, ਭਾਵ, ਸਮਾਜ ਰਾਹੀਂ ਗ੍ਰਹਿਣ ਕਰਦਾ ਹੈ।

ਤਾਂ ਵੀ ਬੜਾ ਕੁਝ ਹੈ ਜੋ ਇਸ ਪਰਿਭਾਸ਼ਾ ਤੋਂ ਬਾਹਰ ਰਹਿ ਗਿਆ ਹੈ, ਜਿਸ ਨੂੰ ਮਗਰਲੇ ਸਮਾਜ-ਵਿਗਿਆਨੀਆਂ ਅਤੇ ਮਾਨਵ-ਵਿਗਿਆਨੀਆਂ ਨੇ ਪੂਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਵਿਸਤ੍ਰਿਤ੍ਰ ਪਰਿਭਾਸ਼ਾ ਤੋਂ ਬਿਲਕੁਲ ਉਲਟ, ਅਮਰੀਕੀ ਮਾਨਵ-ਵਿਗਿਆਨੀ ਹਿਰਸਕੋਵਿਤਸ ਨੇ ਸਭਿਆਚਾਰ ਦੀਆਂ ਦੋ ਸੰਖੇਪ ਤੋਂ ਸੰਖੇਪ ਪਰਿਭਾਸ਼ਾਵਾਂ ਦਿੱਤੀਆਂ ਹਨ:

(ੳ) "ਸਭਿਆਚਾਰ ਵਾਤਾਵਰਣ ਦਾ ਮਨੁੱਖ-ਸਿਰਜਿਆ ਭਾਗ ਹੈ।"

(ਅ)"ਸਭਿਆਚਾਰ ਮਨੁੱਖੀ ਵਿਹਾਰ ਦੇ ਸਿੱਖੇ ਹੋਏ ਭਾਗ ਨੂੰ ਕਹਿੰਦੇ ਹਨ।,3

ਇਹਨਾਂ ਦੋਹਾਂ ਪਰਿਭਾਸ਼ਾਵਾਂ ਨੂੰ ਹੀ ਉਹਨਾਂ ਬੁਨਿਆਦੀ ਵਿਰੋਧਾਂ ਦੇ ਪਿਛੋਕੜ ਵਿਚ ਰੱਖ ਕੇ ਸਮਝਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਇਹ ਮਿਥ ਕੇ ਚਲਦੀਆਂ ਹਨ। ਪਹਿਲੀ ਪਰਿਭਾਸ਼ਾ ਪ੍ਰਕਿਰਤੀ ਅਤੇ ਮਨੁੱਖ ਦੇ ਵਿਰੋਧ ਨੂੰ ਪੇਸ਼ ਕਰਦੀ ਹੈ। ਪ੍ਰਕਿਰਤੀ ਨਾਲ ਟੱਕਰ ਵਿਚੋਂ, ਪ੍ਰਕਿਰਤੀ ਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਢਾਲਣ ਦੇ ਯਤਨਾਂ ਵਿਚੋਂ ਹੀ ਸਭਿਆਚਾਰ ਨੇ ਜਨਮ ਲਿਆ ਹੈ। ਪ੍ਰਕਿਰਤੀ ਵਿਚਲੀ ਕੋਈ ਵੀ ਚੀਜ਼ ਸਭਿਆਚਾਰ ਦਾ ਓਦੋਂ ਤੱਕ ਅੰਗ ਨਹੀਂ ਬਣਦੀ ਜਦੋਂ ਤੱਕ ਮਨੁੱਖ ਇਸ ਨੂੰ ਅਪਣਾ ਨਹੀਂ ਲੈਂਦਾ।

ਇਸੇ ਤਰ੍ਹਾਂ ਦੂਜੀ ਪਰਿਭਾਸ਼ਾ ਵਿਚ 'ਵਿਰਸੇ ਵਿਚ ਮਿਲੇ' ਅਤੇ 'ਗ੍ਰਹਿਣ ਕੀਤੇ' ਦੇ ਵਿਰੋਧ ਨੂੰ ਪਿਛੋਕੜ ਵਿਚ ਰਖਿਆ ਗਿਆ ਹੈ। ਦੂਜੇ ਸ਼ਬਦਾਂ ਵਿਚ, ਜੀਵ-ਵਿਗਿਆਨਕ ਅਤੇ ਸਮਾਜਕ ਵਿਚਲੇ ਵਿਰੋਧ ਨੂੰ ਪੇਸ਼ ਕੀਤਾ ਗਿਆ ਹੈ। ਸਭਿਆਚਾਰ ਜੇ ਵਿਰਸਾ ਹੈ ਵੀ ਤਾਂ ਇਹ ਸਮਾਜਕ ਵਿਰਸਾ ਹੈ, ਜੀਵ-ਵਿਗਿਆਨਕ ਵਿਰਸਾ ਨਹੀਂ। ਅਤੇ ਸਮਾਜਕ ਵਿਰਸਾ ਜਨਮ ਨਾਲ ਨਹੀਂ ਮਿਲਦਾ, ਗ੍ਰਹਿਣ ਕਰਨ ਨਾਲ ਮਿਲਦਾ ਹੈ।

18