ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/122

ਇਹ ਸਫ਼ਾ ਪ੍ਰਮਾਣਿਤ ਹੈ

ਸਭਿਆਚਾਰ ਦਾ ਸੰਕਲਪ ਪੇਸ਼ ਕੀਤਾ ਹੈ। ਉਸ ਦਾ ਕਹਿਣਾ ਹੈ ਕਿ-

“ਸਭਿਆਚਾਰ ਸਾਰਿਆਂ ਦੀ ਸਾਰਿਆਂ ਨੂੰ ਦੇਣ ਹੈ। ਪਾਣੀ ਦੇ ਅਣੂਆਂ ਵਾਂਗ ਇਸ ਦੀਆਂ ਇਕਾਈਆਂ ਇਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਸਮੁੱਚੇ ਵਹਿਣ ਨੂੰ ਰੂਪ ਦੇਦੀਆਂ ਹਨ। ਜਿਹੜੀਆਂ ਲਹਿਰਾਂ ਇਕ ਵੇਲੇ ਓਪਰੀਆਂ ਸਮਝੀਆਂ ਜਾਂਦੀਆਂ ਹਨ, ਉਹ ਇਸ ਦੇ ਪਾਣੀਆਂ ਵਿਚ ਗੁੰਮ ਜਾਂਦੀਆਂ ਹਨ ਅਤੇ ਫਿਰ ਪਛਾਣੀਆਂ ਵੀ ਨਹੀਂ ਜਾਂਦੀਆਂ। ਸਥਾਨਕ ਸਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਹਨ। ਇਹ ਆਪਣੇ ਵਿਚ ਵੜਦੇ ਆ ਰਹੇ ਓਪਰੇ ਸਭਿਆਚਾਰ ਦੇ ਪ੍ਰਭਾਵ ਦੇ ਖ਼ਿਲਾਫ਼ ਤਿੱਖਾ ਪ੍ਰਤਿਕਰਮ ਦੇਂਦਾ ਹੈ। ਪਰ ਜਲਦੀ ਹੀ ਇਹ ਇਕਮਿਕ ਹੋ ਜਾਂਦਾ ਹੈ। ਇਹ ਜੋ ਕੁਝ ਪ੍ਰਾਪਤ ਕਰਦਾ ਹੈ, ਉਸ ਨੂੰ ਆਪਣੀ ਪ੍ਰਤਿਭਾ ਅਨੁਸਾਰ ਢਾਲਦਾ ਹੈ, ਆਪਣਾ ਅਨਿੱਖੜ ਅੰਗ ਬਣਾ ਲੈਂਦਾ ਹੈ ਅਤੇ ਆਪਣੀ ਨਵੀਂ ਨਵੀਂ ਬਣਾਈ ਇਕਾਈ ਵਿਚ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ। ਇਹ ਅਮਲ ਇਕ ਇਕਾਈ ਤੋਂ ਦੂਜੀ ਇਕਾਈ ਤੱਕ ਚੱਲਦਾ ਰਹਿੰਦਾ ਹੈ, ਜਿਸ ਨਾਲ ਮਗਰੋਂ ਆਉਣ ਵਾਲੀ ਇਕਾਈ ਪਹਿਲੀ ਨਾਲੋਂ ਹਮੇਸ਼ਾਂ ਹੀ ਵਧੇਰੇ ਅਮੀਰ ਹੁੰਦੀ ਹੈ।" (ਸ. 1)

ਇਥੇ ਇਕ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਕਿਸੇ ਸਭਿਆਚਾਰ ਦੀ ਵਿਲੱਖਣਤਾ ਉਸ ਦੇ ਸਿਸਟਮ ਕਰਕੇ ਹੁੰਦੀ ਹੈ, ਉਸ ਵਿਚਲੇ ਅੰਸ਼ਾਂ ਕਰਕੇ ਨਹੀਂ। ਉਸ ਸਿਸਟਮ ਦੇ ਅਨੁਕੂਲ ਹੀ ਇਹ ਅੰਸ਼ ਮਿਲ ਕੇ ਪੈਟਰਨ ਬਣਾਉਂਦੇ ਹਨ, ਜਿਹੜੇ ਹਰ ਸਭਿਆਚਾਰਕ ਸਿਸਟਮ ਲਈ ਵਿਸ਼ੇਸ਼ ਹੁੰਦੇ ਹਨ। ਸਭਿਆਚਾਰ ਦੀ ਨਿਰੰਤਰਤਾ ਨੂੰ ਅਤੇ ਇਸ ਦੀ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਨੂੰ, ਜਿਨ੍ਹਾਂ ਵਿਚ ਕਿਸੇ ਸਭਿਆਚਾਰ ਨੂੰ ਇਕ ਇਕਾਈ ਵਜੇ ਗਹਿਣ ਕੀਤਾ ਜਾਂਦਾ ਹੈ, ਇਸੇ ਸਿਸਟਮ ਤੋਂ ਹੀ ਪਛਾਣਿਆਂ ਜਾਂਦਾ ਹੈ। ਹਰ ਸਮਾਜ ਆਪਣੀਆਂ ਭੌਤਕ ਹਾਲਤਾਂ ਵਿਚ ਆਉਂਦੇ ਬੁਨਿਆਦੀ ਪਰਿਵਰਤਨਾਂ ਕਾਰਨ ਗੁਣਾਤਮਕ ਤੌਰ ਉੱਤੇ ਵੱਖਰੇ ਅਤੇ ਉਚੇਰੇ ਸਿਸਟਮ ਵਿਚ ਪਰਵੇਸ਼ ਕਰਦਾ ਹੈ, ਜਿਸ ਨਾਲ ਸਭਿਆਚਾਰ ਦਾ ਇਕ ਪੜਾਅ ਖ਼ਤਮ ਹੁੰਦਾ ਅਤੇ ਦੂਜਾ ਸ਼ੁਰੂ ਹੁੰਦਾ ਹੈ। ਪਰ ਇਕ ਪੜਾਅ ਦੇ ਖ਼ਤਮ ਹੋਣ ਨਾਲ ਜ਼ਰੂਰੀ ਨਹੀਂ ਕਿ ਉਸ ਦੇ ਅੰਸ਼ ਵੀ ਖ਼ਤਮ ਹੋ ਜਾਣ। ਪੁਰਾਣੇ ਸਭਿਆਚਾਰ ਦੇ ਅੰਸ਼ ਨਵੇਂ ਸਿਸਟਮ ਵਿਚ ਨਵੇਂ ਪੈਟਰਨਾਂ ਦੇ ਰੂਪ ਵਿਚ ਸੰਗਠਿਤ ਹੋ ਸਕਦੇ ਹਨ। ਇਸ ਤਰ੍ਹਾਂ ਨਾਲ ਕਿਸੇ ਸਭਿਆਚਾਰ ਦੇ ਇਤਿਹਾਸਕ ਪੜਾਵਾਂ ਵਿਚ ਨਿਰੰਤਰਤਾ ਬਣੀ ਰਹਿੰਦੀ ਹੈ।

ਇਸ ਲਈ ਕਿਸੇ ਵੀ ਸਭਿਆਚਾਰ ਦੇ ਪਦਾਰਥਕ ਜੀਵਨ ਅਤੇ ਸਮਾਜਕ ਚਿੰਤਨ ਦੇ ਅੰਸ਼ਾਂ ਦੇ ਸਰੋਤ ਨਾ ਸਿਰਫ਼ ਉਸ ਦੇ ਆਪਣੇ ਇਤਿਹਾਸ ਵਿਚ ਅਤੇ ਉਹਨਾਂ ਸਭਿਆਚਾਰਾਂ ਦੇ ਇਤਿਹਾਸ ਵਿਚ ਹੀ ਲੱਭੇ ਜਾ ਸਕਦੇ ਹਨ ਜਿਨ੍ਹਾਂ ਦਾ ਉਹ ਵਾਰਿਸ ਹੁੰਦਾ

120