ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਰਹੇ ਹੁੰਦੇ ਸਨ, ਉਹਨਾਂ ਨਾਲ ਆਪਣੇ ਅਜਾਇਬ-ਘਰ ਜਾਂ ਨਿੱਜੀ ਸੰਗ੍ਰਹਿ ਭਰ ਰਹੇ ਹੁੰਦੇ ਸਨ, ਅਤੇ ਦੀਵਾਨਖ਼ਾਨੇ ਸਜਾ ਰਹੇ ਹੁੰਦੇ ਸਨ; ਇਸ ਤਰ੍ਹਾਂ ਕਰਦਿਆਂ ਉਹ ਅਧੀਨ ਕੰਮਾਂ ਦੇ ਸਭਿਆਚਾਰਾਂ ਨੂੰ ਲੁੱਟ ਰਹੇ ਅਤੇ ਮਿਟਾ ਰਹੇ ਹੁੰਦੇ ਸਨ, ਜਦ ਕਿ ਦਾਅਵਾ ਉਹਨਾਂ ਨੂੰ ਸਭਿਆਚਾਰ ਸਿਖਾਉਣ ਦਾ ਕਰਦੇ ਸਨ। ਦੂਜਿਆਂ ਨੂੰ ਸਭਿਆਚਾਰ ਤੋਂ ਸੱਖਣੇ ਦੱਸਣ ਦੇ ਇਸ ਸਾਮਰਾਜੀ ਦੌਰ ਦੇ ਵਿਰਸੇ ਨੂੰ ਹੀ ਕੁਝ ਲੋਕਾਂ ਵਲੋਂ ਮਗਰੋਂ ਕੌਮੀ ਪੱਧਰ ਉਤੇ ਵੀ ਲਾਗੂ ਕਰਨ ਦੀ ਬਿਰਤੀ ਵਿਚੋਂ ਉਸ ਤਰ੍ਹਾਂ ਦੇ ਸਵਾਲ ਨਿਕਲਦੇ ਸਨ, ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ।

ਅਸਲ ਵਿਚ ਕੋਈ ਵੀ ਕੰਮ ਜਾਂ ਕੋਈ ਵੀ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਪੜਾਅ ਉਤੇ ਵੀ ਕਿਉਂ ਨਾ ਹੋਵੇ। ਇਕ ਜਨ-ਸਮੂਹ ਦੇ ਵਿਅਕਤੀ ਵਲੋਂ ਦੂਜੇ ਜਨ-ਸਮੂਹ ਜਾਂ ਇਸ ਦੇ ਕਿਸੇ ਮੈਂਬਰ ਨੂੰ ਸਭਿਆਚਾਰ ਤੋਂ ਸੱਖਣਾ ਕਿਹਾ ਜਾਣਾ ਵੀ ਅਸਲ ਵਿਚ ਉਸ ਦੀ ਸਭਿਆਚਾਰਕ ਤੌਰ ਉਤੇ ਨਿਵੇਕਲੀ ਹੋਂਦ ਨੂੰ ਕਬੂਲ ਕਰਨਾ ਹੀ ਹੁੰਦਾ ਹੈ। ਇਹ ਇਕ ਐਸਾ ਵਤੀਰਾ ਹੈ, ਜਿਸ ਨੂੰ ਸਭਿਆਚਾਰ ਦੇ ਅਧਿਐਨ ਵਿਚ 'ਨਸਲਮੁੱਖਤਾ' ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਤੀਰੇ ਬਾਰੇ ਅਸੀਂ ਅੱਗੇ ਚਲ ਕੇ ਵਿਸਥਾਰ ਨਾਲ ਗੱਲ ਕਰਾਂਗੇ।

ਸਭਿਆਚਾਰ ਦਾ ਵਿਗਿਆਨਕ ਅਧਿਐਨ ਕੋਈ ਬਹੁਤਾ ਪੁਰਾਣਾ ਨਹੀਂ। ਇਸ ਦਾ ਮੁੱਢ ਪਿਛਲੀ ਸਦੀ ਦੇ ਅਖ਼ੀਰ ਵਿਚ, ਜਾਂ ਇਸ ਤੋਂ ਵੀ ਮਗਰੋਂ, ਇਸ ਸਦੀ ਦੀ ਪਹਿਲੀ ਚੁਥਾਈ ਵਿਚ ਬੱਝਾ ਮੰਨਿਆ ਜਾਂਦਾ ਹੈ। ਪੰਜਾਬੀਆਂ ਵਿਚ ਆਪਣੇ ਸਭਿਆਚਾਰ ਬਾਰੇ ਚੇਤੰਨਤਾ ਹੋਰ ਵੀ ਮਗਰੋ ਅਤੇ ਪੜਾਅ-ਪੜਾਅ ਕਰਕੇ ਆਈ ਹੈ। ਸਾਡੇ ਸਮਾਜ ਦੀ ਇਤਿਹਾਸਕ ਗਤੀ ਵਿਚ ਸਾਧਾਰਨ ਪੰਜਾਬੀ ਦੀ ਭੂਮਿਕਾ ਬੜੇ ਪ੍ਰੋਖ ਢੰਗ ਦੀ ਰਹੀ ਹੈ, ਜਿਸ ਨੂੰ ਸਾਡੀ ਖੋਜ ਨੇ ਅਜੇ ਪ੍ਰਤੱਖ ਕਰ ਕੇ ਨਹੀਂ ਦਿਖਾਇਆ। ਪੰਜਾਬੀ ਜਨ-ਸਾਧਾਰਨ ਨਾ ਸਿਰਫ਼ ਆਪਣੇ ਸਭਿਆਰ ਦੇ ਸਿਰਜਕ ਅਤੇ ਵਾਹਕ ਹੀ ਰਹੇ ਹਨ, ਸਗੋਂ ਇਸ ਨੂੰ ਸੰਭਾਲ ਕੇ ਵੀ ਰੱਖਦੇ ਰਹੇ ਹਨ। ਇਸ ਪੱਖੋ ਔਰਤਾਂ ਦੀ ਭੂਮਿਕਾ ਸ਼ਾਇਦ ਹੋਰ ਵੀ ਉਲੇਖਣੀ ਰਹੀ ਹੈ। ਪਰ ਉਪਰਲੇ ਤਬਕੇ ਦੇ ਅਤੇ ਕਿਸੇ ਗਿਣਤੀ ਵਿਚ ਆਉਂਦੇ ਪੰਜਾਬੀਆਂ ਦਾ ਵਤੀਰਾ ਕਾਫ਼ੀ ਦੇਰ ਤੱਕ ਬਦੇਸ਼ੀ ਹਾਕਮਾਂ ਦੀ ਪੂਰੀ ਤਰ੍ਹਾਂ ਨਕਲ ਕਰਨ ਦਾ ਰਿਹਾ ਹੈ। ਇਸ ਤਰ੍ਹਾਂ ਨਾਲ ਇਹ ਵਤੀਰਾ ਸਭਿਆਚਾਰ ਤੋਂ ਸੱਖਣੇ ਹੋਣ ਦੀ ਉਪਰੋਕਤ ਧਾਰਨਾ ਦੀ ਹੀ ਪ੍ਰੋੜਤਾ ਕਰਦਾ ਰਿਹਾ ਹੈ।

ਭਾਵੇਂ ਪੰਜਾਬੀਆਂ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਵਿਗਾੜ ਕੇ ਪੇਸ਼ ਕਰਨ ਦਾ ਅਤੇ ਪੰਜਾਬੀਆਂ ਨੂੰ ਸਭਿਆਚਾਰ ਤੋਂ ਸੱਖਣੇ ਕਹਿਣ ਦਾ ਕੰਮ ਵੀ ਅੰਗਰੇਜ਼ਾਂ ਨੇ ਆਪਣੇ ਸਮਾਜੀ ਹਿਤਾਂ ਦੇ ਅਧੀਨ ਕੀਤਾ, ਪਰ ਇਹ ਵੀ ਸੱਚ ਹੈ ਕਿ ਕੁਝ ਸਰਵੇਖਣਾਂ ਦੀ ਸ਼ਕਲ ਵਿਚ (ਇਹਨਾਂ ਸਰਵੇਖਣਾਂ ਦਾ ਮੰਤਵ ਭਾਵੇਂ ਕੁਝ ਵੀ ਰਿਹਾ ਹੋਵੇ) ਐਸਾ ਕੰਮ ਵੀ

10