ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਤਾਕਤ ਦੀ ਵਰਤੋਂ ਇਸ ਤਰੀਕੇ ਦਾ ਲਾਜ਼ਮੀ ਅੰਸ਼ ਹੈ, ਅਤੇ ਸਿਖਰੀ ਰੂਪ ਵਿਚ ਇਹ ਫਾਜ਼ਿਸਟ ਤਰੀਕਾ ਹੋ ਨਿੱਬੜਦਾ ਹੈ। ਕਿਸੇ ਥਾਂ ਉੱਤੇ ਕਿਹੜਾ ਤਰੀਕਾ ਅਪਣਾਇਆ ਜਾਏਗਾ, ਇਹ ਗੱਲ ਇਸ ਤੱਥ ਉੱਪਰ ਨਿਰਭਰ ਕਰਦੀ ਹੈ ਕਿ ਹਕੂਮਤ ਕਿਸ ਸ਼ਰੇਣੀ ਦੇ ਹੱਥਾਂ ਵਿਚ ਹੈ ਅਤੇ ਇਸ ਦਾ ਖਾਸਾ ਕੀ ਹੈ। ਨਵ-ਆਜ਼ਾਦ ਦੇਸਾਂ ਵਿਚ ਹਕੂਮਤਾਂ ਵਧੇਰੇ ਕਰਕੇ ਸਰਮਾਏਦਾਰ ਜਮਾਤ ਨੇ ਸੰਭਾਲੀਆਂ ਹਨ। ਇਹ ਹਕੂਮਤਾਂ ਵਚਨਬੱਧਤਾ ਪਹਿਲੇ ਢੰਗ ਵੱਲੋਂ ਦਰਸਾਉਂਦੀਆਂ ਹਨ, ਪਰ ਕਮਜ਼ੋਰੀ ਦੂਜੇ ਢੰਗ ਲਈ ਰੱਖਦੀਆਂ ਹਨ।

ਭਾਰਤ ਵਿਚ ਵੀ ਇਹ ਦੋਵੇਂ ਰੁਝਾਣ ਨਾਲੋਂ ਨਾਲ ਚੱਲਦੇ ਦੇਖੇ ਜਾ ਸਕਦੇ ਹਨ। ਜਿੱਥੇ ਜਿੱਥੇ ਆਪਣੇ ਆਪਣੇ ਸਭਿਆਚਾਰ ਤੇ ਚੇਤਨਾ ਅਤੇ ਇਸ ਚੇਤਨਾ ਦੇ ਆਧਾਰ ਉੱਤੇ ਏਕਤਾ ਮਿਲਦੀ ਹੈ, ਉੱਥੇ ਤਾਂ ਸਭਿਆਚਾਰਕ ਖਿੱਤੇ ਹੋਂਦ ਵਿਚ ਜਲਦੀ ਆ ਗਏ। ਪਰ ਜਿੱਥੇ ਇਹ ਚੇਤਨਾ ਧੁੰਦਲੀ ਸੀ. ਅਤੇ ਸਭਿਆਚਾਰਕ ਪਛਾਣ ਵੱਲੋਂ ਮੂੰਹ ਮੋੜਨ ਵਾਲੇ ਰੁਝਾਣ ਮਿਲਦੇ ਸਨ, ਉੱਥੇ ਭਾਸ਼ਾ-ਸਭਿਆਚਾਰ ਦੇ ਆਧਾਰ ਉੱਤੇ ਖਿੱਤੇ ਕਇਮ ਕਰਨ ਨੂੰ ਪਿੱਛੇ ਪਾਇਆਂ ਗਿਆ। ਪਰ ਜਿੱਥੇ ਵੀ ਕਿਤੇ ਅਤੇ ਜਦੋਂ ਵੀ ਕਿਤੇ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ, ਤਾਂ ਇਸ ਤਰ੍ਹਾਂ ਕਿ ਰੜਕਾਂ ਕਾਇਮ ਰਹਿਣ, ਤਾਂ ਕਿ ਉਹਨਾਂ ਨੂੰ ਆਧਾਰ ਬਣਾ ਕੇ ਕਦੀ ਵੀ ਪੁੱਠਾ ਗੇੜਾ ਦਿੱਤਾ ਜਾ ਸਕੇ ਅਤੇ ਇਕ ਕੌਮ, ਇਕ ਭਾਸ਼ਾ, ਇਕ ਸਭਿਆਚਾਰੇ ਦੇ ਆਧਾਰ ਉੱਤੇ ਏਕੀਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ।

ਇਸ ਸਾਰੇ ਅਮਲ ਦੇ ਸਿੱਟਿਆਂ ਦੀ ਭੈੜੀ ਮਿਸਾਲ ਪੰਜਾਬ ਹੈ, ਜਿਸ ਵਿਚ ਬਸਤੀਵਾਦੀ ਦੌਰ ਵਿਚ ਪੈਦਾ ਹੋਏ ਰੁਝਾਣਾਂ ਨੂੰ ਸਰਕਾਰ ਸਮੇਤ ਵੱਖ ਵੱਖ ਤਾਕਤਾਂ ਵੱਲੋਂ ਕਾਇਮ ਰਖਿਆ ਗਿਆ, ਉਕਸਾਇਆ ਗਿਆ ਅਤੇ ਵਧਾਇਆ ਗਿਆ। ਜਦੋਂ ਤੱਕ ਸਾਂਝੀ ਸਭਿਆਚਾਰਕ ਪਛਾਣ ਦੇ ਆਧਾਰ ਉੱਤੇ ਏਕਤਾ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਦੀਆਂ ਭੂਗੋਲਿਕ ਹੱਦਾਂ ਤਾਂ ਕੀ, ਪੰਜਾਬ ਦੀ ਹੋਦ ਵੀ ਅਨਿਸਚਿਤ ਹੀ ਮੰਨੀ ਜਾਣੀ ਚਾਹੀਦੀ ਹੈ।

ਇਸ ਸਾਰੇ ਵਿਚਾਰ ਵਿੱਚੋਂ ਜਿਹੜੇ ਨੁਕਤੇ ਉਭਰਦੇ ਹਨ, ਉਹਨਾਂ ਨੂੰ ਇਸ ਪ੍ਰਕਾਰ ਮੁੜ ਪੇਸ਼ ਕੀਤਾ ਜਾ ਸਕਦਾ ਹੈ:

1. ਅੱਜ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਨਿਸ਼ਚਿਤ ਕਰਦਿਆਂ ਅਸੀਂ ਅੱਜ ਦੀਆਂ ਹਾਲਤਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ। ਅਤੇ ਇਹ ਹਾਲਤਾਂ ਇਸ ਨਿਰਣੇ ਦੀ ਆਧਾਰ-ਦਲੀਲ ਬਣਦੀਆਂ ਹਨ ਕਿ ਅੱਜ ਦੇ ਭਾਰਤੀ ਪੰਜਾਬੀ ਨੂੰ ਹੀ ਪੰਜਾਬੀ ਸਭਿਆਚਾਰ ਦਾ ਭੂਗੋਲਿਕ ਚੌਖਟਾ ਮੰਨਿਆ ਜਾਏ।

2. ਇਸ ਤੋਂ ਪਹਿਲਾਂ ਦੀਆਂ ਭੂਗੋਲਿਕ ਤਬਦੀਲੀਆਂ ਅਤੇ ਬਾਕੀ ਸਮਾਜਕ-ਰਾਜਸੀ ਵਰਤਾਰੇ ਪੰਜਾਬੀ ਸਭਿਆਚਾਰ ਦੇ ਇਥੋਂ ਤੱਕ ਪੁੱਜਣ ਦੇ ਇਤਿਹਾਸ ਦਾ ਅੰਗ ਹਨ;

112