ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧. ਕਾਂਡ।

ਉਧਰ ਬੀਬੀ ਫਾਤਮਾ ਜਿਸ ਵੇਲੇ ਘਰ ਦੇ ਧੰਦਿਓਂ ਵਿਹਲੀ ਹੋਈ ਅਰ ਸਤਵੰਤ ਕੌਰ ਵਲ ਗਈ, ਤਦ ਅੰਦਰ ਖਾਲੀ ਪਾਇਆ। ਪੰਖੀ ਉਡ ਗਿਆ, ਪਿੰਜਰਾ ਸੱਖਣਾ। ਕੀ ਕਰਦੀ? ਪਹਿਲੇ ਤਾਂ ਕੁਝ ਸ਼ੱਕ ਰਿਹਾ, ਪਰ ਜਦ ਮਰਦਾਵੇਂ ਕਪੜੇ ਨਾ ਡਿੱਠੇ ਤਦ ਦਿਲ ਨੂੰ ਘਾਟ ਪਈ, ਅੱਖਾਂ ਅੱਗੇ ਹਨੇਰਾ ਆ ਗਿਆ, ਹੋਸ਼ ਧੂੰਏਂ ਵਾਂਗ ਉੱਡ ਖੜੋਤੀ ਅਰ ਦਿਮਾਗ ਨੂੰ ਚੱਕਰ ਦੇਕੇ ਧੜਾ ਕਰਕੇ ਡੇਗਿਆ। ਡਿੱਗੀ ਪਈ ਰਹੀ, ਕਿੰਨਾਂ ਚਿਰ ਲੰਘ ਗਿਆ। ਬੇਹੋਸ ਤਾਂ ਨਹੀਂ ਹੋਈ ਪਰ ਸਰੀਰ ਢਿੱਲਾ ਐਸਾ ਹੋਇਆ ਕਿ ਉੱਠਣ ਦੀ ਆਸੰਙ ਨਾ ਰਹੀ। ਕਿੰਨੇ ਚਿਰ ਪਿਛੋਂ ਉਠੀ, ਪਰ ਲੱਤਾਂ ਥਿੜਕਨ, ਫੇਰ ਸਾਹਸਹੀਨ ਹੋਕੇ ਬੈਠ ਗਈ। ਇੱਕੁਰ ਕਿੰਨੇ ਚਿਰ ਮਗਰੋ ਉਠੀ, ਬਾਹਰ ਗਈ, ਜਾਕੇ ਅੰਗੂਰਾਂ ਦਾ ਰਸ ਪੀਤਾ, ਜ਼ਰਾਕੁ ਢਾਰਸ ਹੋਈ, ਸਰੀਰ ਖਲੋਤਾ ਪਰ ਦਿਲ ਦੀ ਖੁੱਸਣ ਨੂੰ ਕੌਣ ਹਟਾਵੇ? ਫੇਰ ਅੰਦਰ ਗਈ। ਦੀਵਾ ਜਗਾਕੇ ਸਾਰੀ ਸੁਰੰਗ ਦੇਖੀ, ਖੋਲ੍ਹ ਕੇ ਬਾਹਰ ਗਈ। ਸੱਜਰੀ ਮਿੱਟੀ ਢੱਠੀ ਦੇਖਕੇ ਪੱਕਾ ਨਿਸ਼ਚਾ ਹੋ ਗਿਆ ਕਿ ਸੋਨੇ ਦੀ ਚਿੜੀ ਉਡ ਗਈ। ਨਿਰਾਸ ਹੋਕੇ ਆਪਣੇ ਅੰਦਰ ਬੈਠੀ ਤੇ ਗਿਣਤੀਆਂ ਗਿਣਨ ਲੱਗੀ। ਪੁਤ੍ਰ ਬੁਲਾਵੇ, ਇਸ ਨੂੰ ਮੂਲੋਂ ਨਾ ਭਾਵੇ। ਗੋਲੀਆਂ ਬਾਂਦੀਆਂ ਕੰਮ ਪੁੱਛਣ ਇਸ ਨੂੰ ਮੂੰਹੋਂ ਗੱਲ ਨਾਂ ਆਵੇ। ਆਪਣੀ ਵੱਲੋਂ ਬਥੇਰਾ ਹੌਂਸਲਾ ਕਰੇ, ਪਰ ਦਿਲ ਨੂੰ ਐਸੀ ਧ੍ਰੀਕ ਪਵੇ ਜੋ ਕਿਸੇ ਬਿਧ ਨਾ ਠੱਲ੍ਹੀ ਜਾਵੇ। ਅੱਗੇ ਬਿਪਤਾ ਵੇਲੇ ਜਪੁ ਸਾਹਿਬ ਦਾ ਪਾਠ, ਜਿੱਕੁਰ ਸਤਵੰਤ ਕੌਰ ਨੇ ਦੱਸਿਆ ਸੀ, ਇਸ ਨੂੰ ਰੁੜਨੋਂ ਠੱਲ੍ਹ ਲੈਂਦਾ ਸੀ, ਪਰ ਹੁਣ ਪਾਠ ਕਰੇ ਇਕ ਪੌੜੀ ਦਾ ਤੇ ਮਨ ਸੋਚਾਂ ਦੇ ਪਰ ਲਾਕੇ ਸਤਵੰਤ ਕੌਰ ਦੇ ਮਗਰ ਸ਼ਹਿਰਾਂ ਜੰਗਲਾਂ

ਵਿਚ ਸੈਂਕੜੇ ਉਡਾਰੀਆਂ ਮਾਰੇ। ਢਾਰਸ ਕਿਸ ਪ੍ਰਕਾਰ ਹੋਵੇ?

-52-