ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯. ਕਾਂਡ।

ਰਾਤ ਨੂੰ ਜਦ ਦੋ ਪਹਿਰ ਬੀਤੇ ਤਦ ਫਾਤਮਾ ਚੁੱਪ ਕਰੀਤੀ ਉੱਠੀ, ਦੂਜੇ ਪਾਸਿਓਂ ਗੁਪਤ ਬੂਹਾ ਖੋਲਿਆ ਅਰ ਸਤਵੰਤ ਕੌਰ ਪਾਸ ਪਹੁੰਚੀ। ਜਾਕੇ ਅਚਰਜ ਕੌਤਕ ਡਿੱਠਾ, ਸਤਵੰਤ ਕੌਰ ਨਾ ਪਾਈ। ਕਲੇਜਾ ਧਕ ਧਕ ਕਰਨ ਲੱਗ ਪਿਆ, ਜਿੰਦ ਮੱਠ ਵਿਚ ਆ ਗਈ, ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਵੇ: ਹੱਥਾਂ ਦੇ ਤੋਤੇ ਉਡਦੇ ਜਾਣ, ਇਕ ਰੰਗ ਆਵੇ ਇਕ ਜਾਵੇ। ਦਿਲ ਵਿਚ ਸੋਚੇ, ਘਾਬਰੇ, ਐਧਰ ਉਧਰ ਤੱਕੇ, ਭਾਲੇ, ਫੇਰ ਗੋਤੇ ਲਹਿ ਜਾਵੇ। ਇਸ ਤਰ੍ਹਾਂ ਦੀ ਹੈਰਾਨੀ ਵਿਚ ਅੱਧਾ ਘੰਟਾ ਲੰਘਿਆ, ਫਾਤਮਾ ਬੇਸੁਧ ਹੋਕੇ ਕੋਈ ਘੜੀ ਭਰ ਪਈ ਰਹੀ ਹੋਊ ਕਿ ਫੇਰ ਇਸ ਦੀ ਅੱਖ ਖੁਲ੍ਹੀ। ਕੀ ਦੇਖਦੀ ਹੈ ਕਿ ਸਤਵੰਤ ਕੌਰ ਨੇ ਸਿਰ ਪੱਟਾਂ ਤੇ ਰੱਖਿਆ ਹੋਇਆ ਹੈ ਅਰ ਪਾਣੀ ਦੇ ਛਿੱਟੇ ਮਾਰ ਰਹੀ ਹੈ। ਸਤਵੰਤ ਕੌਰ ਨੂੰ ਦੇਖਦੇ ਹੀ ਖੁਸ਼ੀ ਨਾਲ ਸਰੀਰ ਭਰ ਆਇਆ। ਹੰਭਲਾ ਮਾਰਕੇ ਉੱਠੀ ਅਰ ਐਉਂ ਗਲ ਮਿਲੀ ਕਿ ਸਾਰਾ ਜ਼ੋਰ ਲਾਕੇ ਗਲ ਨਾਲ ਘੁੱਟ ਲਿਆ ਅਰ ਛੱਡੇ ਨਾ। ਕਿੰਨੇ ਚਿਰ ਪਿਛੋਂ ਛੱਡਕੇ ਪਾਸ ਹੋ ਬੈਠੀ ਅਰ ਲੱਗੀ ਪੁੱਛਣ ਕਿ ਇਹ ਕੀ ਭੌਤਕ ਹੋਇਆ ਸੀ?

ਸਤਵੰਤ ਕੌਰ—ਬੀਬੀ! ਕੀ ਦੱਸਾਂ! ਸੈਦ ਦੇ ਮਾਮਲੇ ਤੋਂ ਚਿੱਤ ਉਦਾਸੀਨ ਹੋ ਗਿਆ। ਮੈਂ ਸੋਚਿਆ ਕਿ ਬੱਕਰੇ ਦੀ ਮਾਂ ਕਦ ਤੱਕ ਸੁੱਖਣਾ ਸੁਖੇਗੀ। ਇਕ ਦਿਨ ਇਹ ਪੋਲ ਖੁੱਲ੍ਹ ਜਾਏਗਾ ਅਰ ਜਦ ਖੁੱਲ੍ਹੇਗਾ ਤੇਰੇ ਸਿਰ ਅਪਦਾ ਪਏਗੀ। ਮੈਂ ਬੀ ਫਸਾਂਗੀ ਤਾਂ ਸਹੀ, ਪਰ ਮੇਰਾ ਕੀਹ ਹੈ, ਮੈਂ ਤਾਂ ਇਸ ਧਰਤੀ ਵਿਚ ਪੰਜ ਰੁਪੱਯੇ ਦੀ ਚੀਜ਼ ਹਾਂ, ਮਾਰੀ ਗਈ ਤਾਂ ਮਾਰੀ ਗਈ ਸਹੀ, ਪਰ ਤੁਸੀਂ ਅਮੀਰ ਲੋਕ ਕਾਹਨੂੰ ਮੇਰੇ ਨਾਲ ਪਿਸ ਜਾਓ। ਮੈਨੂੰ ਪਨਾਹ ਦੇਣੀ ਕੋਈ ਛੋਟਾ ਜਿਹਾ ਪਾਪ ਨਹੀਂ ਹੈ।

-43-