ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਵੰਤ ਕੌਰ—ਠੀਕ ਹੈ, ਪਰ ਜਿਹੜਾ ਮੇਰੇ ਨਾਲ ਰਹਿੰਦਾ ਹੈ, ਉਹ ਅੱਖਾਂ ਨਾਲ ਨਹੀਂ ਦਿੱਸਦਾ।

ਫਾਤਮਾ (ਡਰਕੇ)—ਹੈਂ! ਉਹ ਕੌਣ ਹੈ? ਕੀ ਤੈਂ ਕੋਈ ਭੂਤ ਵੱਸ ਕਰ ਰੱਖਿਆ ਹੈ?

ਸਤਵੰਤ ਕੌਰ—ਨਹੀਂ ਜੀ, ਭੂਤ ਨਹੀਂ ਬੀਬੀ! ਮੇਰਾ ਗੁਰੂ ਮੇਰੇ ਨਾਲ ਰਹਿੰਦਾ ਹੈ।

ਫਾਤਮਾ (ਹੋਰ ਬੀ ਅਚੰਭਾ ਹੋਕੇ)—ਗੁਰੂ ਕਿਥੇ ਰਹਿੰਦਾ ਹੈ, ਤੇ ਕਿਸ ਤਰ੍ਹਾਂ?

ਸਤਵੰਤ ਕੌਰ—ਬੀਬੀ! ਮੈਂ ਗੁਰੂ ਕੀ ਬਾਣੀ ਦਾ ਪਾਠ ਕਰਦੀ ਰਹਿੰਦੀ ਹਾਂ ਤੇ ਇਹ ਪਿਤਾ ਜੀ ਨੇ ਦੱਸਿਆ ਹੋਇਆ ਹੈ ਕਿ ਜਿਥੇ ਬਾਣੀ ਦਾ ਪਾਠ ਮਨ ਲਾਕੇ ਕੀਤਾ ਜਾਵੇ ਉਥੇ ਗੁਰੂ ਹੁੰਦਾ ਹੈ। ਉਹ ਬਾਣੀ ਬੀ ਗੁਰੂ ਦਾ ਪ੍ਰਤੱਖ ਰੂਪ ਹੈ।

ਫਾਤਮਾ—ਬਾਣੀ ਗੁਰੂ ਕਿੱਕੁਰ ਹੁੰਦੀ ਹੈ?

ਸਤਵੰਤ ਕੌਰ—ਇਹ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਧਰਮ ਦਾ ਨੇਮ ਹੈ ਕਿ ਬਾਣੀ ਗੁਰੂ ਹੈ, ਪ੍ਰੰਤੂ ਇੰਨਾਂ ਮੈਂ ਭੀ ਜਾਣਦੀ ਹਾਂ ਕਿ ਬਾਣੀ ਪੜ੍ਹਦਿਆਂ ਦਿਲ ਬੜਾ ਪਸੰਨ ਹੋ ਜਾਂਦਾ ਹੈ ਅਰ ਕੋਈ ਚਿੰਤਾ ਦੁੱਖ ਦਿਲ ਵਿਚ ਨਹੀਂ ਰਹਿੰਦਾ। ਇਕੱਲ ਦੁਕੱਲ ਕੁਛ ਮਲੂਮ ਨਹੀਂ ਹੁੰਦੀ, ਇਸ ਤੋਂ ਮੈਂ ਸਮਝਦੀ ਹਾਂ ਕਿ ਗੁਰੂ ਮੇਰੇ ਨਾਲ ਹੈ, ਕਿਉਂਕਿ ਗੁਰੂ ਤੇ ਪਰਮੇਸ਼ੁਰ ਦਾ ਰੂਪ ਹੈ ਆਨੰਦ, ਖੁਸ਼ੀ। ਜਦ ਪੜ੍ਹਕੇ ਮੈਨੂੰ ਆਨੰਦ ਹੁੰਦਾ ਹੈ ਤਦ ਜ਼ਰੂਰ ਹੈ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਹੈਨ। ਜਿੱਕੁਰ ਠੰਢੀ ਪੌਣ ਤੋਂ ਜਲ ਦਾ ਹੋਣਾ ਸਮਝ ਲਈਦਾ ਹੈ, ਇੱਕੁਰ ਅੰਦਰ ਆਨੰਦ ਆ ਜਾਣ ਤੋਂ ਮੈਂ ਸਮਝ ਲੈਂਦੀ ਹਾਂ ਕਿ ਠੀਕ ਬਾਣੀ ਗੁਰੂ ਹੀ ਹੈ, ਲੱਛਣ ਜੋ ਗੁਰੂ ਮਹਾਰਾਜ ਦੇ ਹਨ। ਬੀਬੀ ਜੀ! ਇਸ ਕਰਕੇ ਮੈਂ ਕਦੇ ਆਪਣੇ ਆਪ ਨੂੰ ਇਕੱਲੀ ਨਹੀਂ ਸਮਝਦੀ, ਨਾਲੇ ਗੁਰੂ ਸਾਡੇ ਸਦਾ ਜੀਉਂਦੇ ਹਨ ਤੇ ਅਸੀਂ ਅਰਦਾਸ ਵਿਚ ਕਹਿੰਦੇ ਹਾਂ

-੩੦-