ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਹ ਕਿਰਪਾ ਕਰਨੀ ਕਿ ਕਿਸੇ ਦੂਜੇ ਦੇ ਕੰਨੀਂ ਖਬਰ ਨਾ ਪਵੇ, ਨਾ ਤੁਹਾਡੇ ਪਤੀ ਦੇ, ਨਾ ਕਿਸੇ ਨੌਕਰ ਦੇ, ਐਥੋਂ ਤੀਕ ਕਿ ਕਾਕੇ ਨੂੰ ਬੀ ਖਬਰ ਨਾ ਹੋਵੇ, ਕਿਉਂਕਿ ਇਸ ਭੇਤ ਦੇ ਖੁੱਲ੍ਹਿਆਂ ਨਾ ਕੇਵਲ ਮੈਨੂੰ ਅਪਦਾ ਪਵੇਗੀ, ਸਗੋਂ ਤੁਸੀਂ ਬੜੇ ਦੁਖ ਵਿਚ ਫਸ ਜਾਓਗੇ।

ਫਾਤਮਾ—ਰਬ ਚੰਗੀ ਕਰੇਗਾ। ਆਹ ਇਕ ਹੋਰ ਬੂਹਾ ਹੈ, ਜੇ ਕਦੇ ਕੋਈ ਮੁਸੀਬਤ ਪਹੁੰਚੀ ਦੇਖੋ ਤਦ ਇਸ ਨੂੰ ਖੋਲ੍ਹ ਦੇਣਾ ਇਥੋਂ ਬਾਹਰ ਜੰਗਲ ਨੂੰ ਸੁਰੰਗੋ ਸੁਰੰਗ ਰਾਹ ਨਿਕਲ ਜਾਂਦਾ ਹੈ, ਅਗੇ ਕੁਛ ਪੱਥਰ ਹਨ ਜੋ ਛੇਤੀ ਰਾਹ ਦੇਂਦੇ ਹਨ, ਸੋ ਝੱਟ ਏਧਰੋਂ ਨਿਕਲ ਜਾਣਾ।

੬. ਕਾਂਡ।

ਹੁਣ ਸਤਵੰਤ ਕੌਰ ਆਪਣੀ ਆਪੇ ਪਾਈ ਕੈਦ ਭੋਗਣ ਲਗ ਗਈ। ਸਾਰਾ ਦਿਨ ਅੰਦਰ ਨਾਲ ਵਿਹਾਰ ਹੋ ਗਿਆ। ਫਾਤਮਾ ਦਿਨ ਵਿਚ ਕਈ ਫੇਰੇ ਪਾਉਂਦੀ, ਪਰ ਜਦ ਘਰ ਵਿਚ ਕੋਈ ਨਾ ਹੁੰਦਾ ਤਾਂ। ਇਸਨੇ ਕੀਤੇ ਦਾ ਬਦਲਾ ਖੂਬ ਲਾਹਿਆ। ਆਪਣੀ ਮੁੱਲ ਲਈ ਗੋਲੀ ਦੀ ਸੇਵਾ ਪੂਰੀ ਪੂਰੀ ਕੀਤੀ, ਪਰ ਹੁਣ ਫਾਤਮਾ ਨੂੰ ਇਕ ਹੈਰਾਨਗੀ ਲਗੀ ਕਿ ਮੈਂ ਤਾਂ ਘੜੀ ਭਰ ਇਕੱਲੀ ਨਹੀਂ ਬੈਠ ਸਕਦੀ, ਇਹ ਕੁੜੀ ਕਿੱਕਰ ਅੱਠ ਪਹਿਰ ਕੱਲਿਆਂ ਬਿਤਾ ਲੈਂਦੀ ਹੈ। ਬਹੁਤ ਸੋਚੇ ਪਰ ਸਮਝ ਨਾ ਪਵੇ। ਇਕ ਦਿਨ ਰਹਿ ਨਾ ਸਕੀ ਪੁੱਛਣ ਲਗੀ, 'ਬੀਬੀ! ਕੀ ਕਾਰਨ ਹੈ, ਕਿ ਤੂੰ ਸਾਰਾ ਦਿਨ ਇਕੱਲੀ ਉਦਾਸ ਨਹੀਂ ਹੁੰਦੀ?'

ਸਤਵੰਤ ਕੌਰ—ਬੀਬੀ! ਮੈਂ ਇਕੱਲੀ ਕਦੇ ਨਹੀਂ ਹੋਈ।

ਫਾਤਮਾ (ਹੈਰਾਨ ਹੋ ਕੇ)—ਤੇਰੇ ਪਾਸ ਆਉਂਦਾ ਕੋਈ ਦਿੱਸਦਾ ਤਾਂ ਨਹੀਂ।

-੨੯-