ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਲ ਦੰਗ ਹੋ ਗਈ ਹੈ, ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ, ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ ਕਿਉਂਕਿ ਤੇਰੇ ਜੇਹੀ ਜਾਂ-ਨਿਸਾਰ (ਆਪਾ ਵਾਰੂ) ਕੁੜੀ ਮਿਲਨੀ ਕਠਨ ਹੈ, ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁਖਾਂ ਦੇ ਭੰਡਾਰ ਖੋਲ੍ਹ ਦਿੰਦਾ ਹਾਂ, ਤੂੰ ਮੇਰੀ ਬੇਗ਼ਮ ਹੋਕੇ ਸੰਸਾਰ ਪੁਰ ਬਿਰਾਜ ਅਰ ਆਪਣੇ ਜੀਵਨ ਦੀ ਮੌਜ ਲੈ।

ਇਹ ਕਹਿੰਦੇ ਹੀ ਸੈਨਤ ਕੀਤੀ, ਝੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਏ, ਹਰਮਸਰਾ (ਜ਼ਨਾਨੇ ਮਹਲ) ਵਿਚ ਜਾ ਪਚਾਇਆ। ਅਗੇ ਗੋਲੀਆਂ ਹਾਜ਼ਰ ਹੋ ਗਈਆਂ। ਇਕ ਉਤਮ ਮਕਾਨ ਵਿਚ ਵਾਸਾ ਮਿਲਿਆ, ਧਨ ਪਦਾਰਥ ਗਹਿਣੇ ਕਪੜੇ ਸਭ ਅੱਗੇ ਧਰੇ ਗਏ ਤੇ ਸਤਵੰਤ ਕੌਰ ਜੋ ਪੰਜ ਰੁਪਏ ਦੀ ਦਾਸੀ ਬਣਕੇ ਬੱਕਰੀ ਵਾਂਗ ਵਿਕੀ ਸੀ, ਅੱਜ ਮਹਿਲਾਂ ਵਿਚ ਪਹੁੰਚੀ ਹੈ।

ਕਾਂਡ ੫.

ਸਤਵੰਤ ਕੌਰ ਮਹਿਲੀਂ ਪਹੁੰਚ ਗਈ, ਪਰ ਉਥੇ ਕੀ ਕੀਤੋ ਸੁ, ਰੋਈ ਪਿੱਟੀ ਉਦਾਸ ਹੋਈ? ਹਾਂ ਪਹਿਲੇ ਤਾਂ ਕੁਛ ਦਿਲਗੀਰ ਹੋਈ, ਪਰ ਫੇਰ ਤਾਂ ਉਸਦਾ ਚਿਹਰਾ ਟਹਿਕ ਆਇਆ, ਜਿੱਕੁਰ ਬੱਦਲੀ ਸੂਰਜ ਅਗੋਂ ਹਟ ਜਾਵੇ ਤਾਂ ਧੁੱਪ ਚਮਕ ਉਠਦੀ ਹੈ। ਪੱਕੇ ਦਿਲ ਤੇ ਬੇਪਰਵਾਹੀ ਦੀ ਸੁਰ ਨਾਲ ਮਹਿਲ ਵਿਚ ਜਾ ਬੈਠੀ। ਕਪੜੇ ਬਦਲ ਲਏ, ਸੂਰਤ ਵਟਾ ਲਈ। ਗੋਲੀਆਂ ਬਾਂਦੀਆਂ ਨੂੰ ਹੁਕਮ ਹੇਠ ਕਰ ਲਿਆ। ਸਾਰੇ ਮਹਿਲ ਦੇ ਕਮਰੇ ਫਿਰ ਫਿਰ ਕੇ ਝਟ ਪਟ ਦੇਖ ਲਏ। ਕੋਈ ਜਾਣੇ ਜੋ ਸਦਾ ਦੀ ਇਥੇ ਰਹਿੰਦੀ ਸੀ! ਟਹਿਲ ਵਾਲੀਆਂ ਨੂੰ ਅੱਡ ਅੱਡ ਕੰਮੀ ਲਾ ਦਿੱਤਾ ਤੇ ਆਪ ਇਕੱਲੀ ਹੋਕੇ ਕੁਝ ਅਸਚਰਜ ਕੰਮ ਕਰਦੀ ਰਹੀ। ਜਦ ਰਾਤ ਹੋਈ ਅਮੀਰ ਸਾਹਿਬ ਮਹਿਲੀਂ ਆਏ, ਆਕੇ ਬੈਠ ਗਏ, ਸਤਵੰਤ ਕੌਰ ਨੂੰ ਵੇਖਕੇ

-੨੧-