ਪੰਨਾ:ਸਤਵੰਤ ਕੌਰ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਮੀ ਦੇ ਹੱਥ ਚੜ੍ਹੀ ਹੈ, ਨਹੀ ਤਾਂ ਇਤਨੀ ਭਾਲ ਕਿੱਕੂੰ ਹੋਣੀ ਸੀ ਤੇ ਇਹ ਜੋ ਭਾਲ ਹੋ ਰਹੀ ਹੈ ਇਸ ਦਾ ਸਾਫ ਮਤਲਬ ਹੈ ਕਿ ਉਹ ਬੰਦੀ ਵਿਚੋਂ ਨੱਸ ਟੁਰੀ ਹੈ। ਉਸਦਾ ਨੱਸ ਟੁਰਨਾ ਦਸਦਾ ਹੈ ਕਿ ਉਸ ਦਾ ਧਰਮ ਕਾਇਮ ਹੈ ਅਰ ਉਸ ਨੂੰ ਆਪਣੇ ਘਰ ਪਹੁੰਚਣ ਦੀ ਸਿੱਕ ਹੈ। ਉਸ ਧਰਮ ਪਿਆਰੀ ਮਾਂ ਨੂੰ ਅੱਜ ਇਕ ਠੰਢ ਤਾਂ ਪੈ ਗਈ ਕਿ ਮੇਰੀ ਪਿਆਰੀ ਆਪਣੇ ਧਰਮ ਵਿਚ ਹਰੀ ਕੈਮ ਹੈ। ਦੁਖ ਚਾਹੇ ਪਾਉਦੀ ਹੋਵੇ, ਪਰ ਧਰਮ ਰੱਖਯਾ ਲਈ ਜੋਧਨ ਕਰ ਰਹੀ ਹੈ। ਮਾਂ ਦੀਆਂ ਆਂਦਰਾਂ ਦਾ ਸੰਸਾਰੀ ਹਿੱਸਾ ਤਾਂ ਤੜਫਨੀ ਵਿਚ ਹੈ, ਪਰ ਵੱਡੀ ਤੜਰਨੀ ਜੋ ਧਰਮ ਦੀ ਆਨ ਨੂੰ ਵੱਜਦੀ ਸੀ ਦੂਰ ਹੋ ਗਈ, ਕਿਉਂਕਿ ਇਹ ਨਿਸ਼ਚਾ ਬਹੁਤ ਸੁਖਦਾਈ ਸੀ ਕਿ ਜੋ ਕਾਬਲੋਂ ਉੱਠ ਨੱਸੀ ਹੈ ਅਰ ਫੇਰ ਹੱਥ ਨਹੀ' ਆਈ, ਜੇ ਕਦੇ ਫਸ ਬੀ ਗਈ ਤਾਂ ਜਾਨ ਪਰ ਖੇਡੇਗੀ, ਧਰਮ ਪਰ ਕਦੇ ਨਹੀਂ ਖੇਡੇਗੀ। ਅੱਜ ਬਸੰਤ ਕੌਰ ਦੇ ਘਰ ਕੀਰਨੇ ਨਹੀਂ ਪਏ, ਪੱਲੇ ਨਹੀਂ ਪਾਏ ਗਏ, ਸਹੇਲੀਆਂ ਤੇ ਸਾਕਾਂ ਦੀਆਂ ਤ੍ਰੀਮਤਾਂ ਵੈਣ ਪਾਉਣ ਨਹੀਂ ਆਈਆਂ, ਪਰਚਾਉਣੀ ਤੇ ਜਣਾਉਣੀ ਨਹੀ ਹੋਈ। ਅੱਜ ਖੁਸ਼ੀ ਮਨਾਈ ਗਈ ਹੈ, ਅਰਦਾਸਾ ਸੋਧਿਆ ਗਿਆ ਹੈ, ਸ਼ੁਕਰ ਕੀਤਾ ਗਿਆ ਹੈ। ਲੋਹੇ ਦੀ ਖਾਣ ਵਿਚ ਇਸ ਗਲ ਦੀ ਖੁਸ਼ੀ ਹੋਈ ਹੈ ਕਿ ਖਾਣ ਤੋਂ ਵਿਛੁੜੇ ਲੋਹੇ ਨੇ ਆਪਣੀ ਲੌਹਸਾਰੀ ਕਰੜਾਈ ਨਹੀਂ ਛੱਡੀ। ਜਿਥੇ ਜਿੱਥੇ ਸਿੱਖਾਂ ਵਿਚ ਖਬਰ ਹੁੰਦੀ ਹੈ ਵਧਾਈ ਆਉਂਦੀ ਹੈ, ਅਰ ਹਰ ਸਿੱਖ ਸੁਣਦੇ ਸਾਰ ਹੱਥ ਜੋੜਕੇ ਉਠ ਖੜੋਦਾ ਤੇ ਸ਼ੁਕਰੀਆ ਕਰਦਾ ਹੈ ਕਿ ਹੇ ਵਾਹਿਗੁਰੂ! ਤੂੰ ਧੰਨ ਹੈਂ ਜੋ ਸਾਡੇ ਬੱਚਿਆਂ ਦਾ ਬਾਟ ਘਾਟ, ਦੁਖ ਸੁਖ, ਦੁਸ਼ਮਨਾਂ ਦੇ ਘੁਰਿਆਂ ਵਿਚ ਬੀ ਸਹਾਈ ਹੋ ਰਿਹਾ ਹੈਂ। ਫੇਰ ਅਰਦਾਸਾ ਸੋਧਿਆ ਜਾਂਦਾ ਹੈ ਕਿ ਹੇ ਗੁਰੂ ਜੀ! ਪਯਾਰੀ ਦੀ ਸਹਾਇਤਾ ਕਰੋ, ਉਸਦੇ ਰਸਤੇ ਦੇ ਆਗੂ ਹੋਵੋ ਅਰ ਬਚਾਕੇ ਘਰੀਂ ਲਿਆਓ:

-੧੪੦-