ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਖਾਂ ਸੂਰਜ ਚੜ੍ਹ ਪਏ ਰੇਤ 'ਚ,
ਮੇਰਾ ਜੋਬਨ ਨਾ ਕਲਪਾ ।

ਮੈਨੂੰ ਮੋਈ ਨੂੰ ਪੰਛੀ ਰੋਣਗੇ,
ਉਤੇ ਕਫ਼ਨ ਪਰਾਂ ਦਾ ਪਾ ।

ਇਹੋ ਵਾਜ ਆਵੇਗੀ ਕਬਰ 'ਚੋਂ,
ਮੇਰਾ ਪੁੰਨੂੰ ਦਿਓ ਮਿਲਾ ।

ਪੂਨੂੰ ਬਹਿਕੇ ਕਬਰ ਤੇ,
ਅਜ ਰੁੱਨਾ ਜ਼ਾਰੋ ਜ਼ਾਰ ।

ਨੀ ਤੂੰ ਉਠ ਬਹੁ ਹੰਝੂਆਂ ਵਾਲੀਏ,
ਜ਼ਰਾ ਮੈਂ ਵਲ ਬਾਂਹ ਉਲਾਰ ।

ਨੀ ਤੂੰ ਰੱਜ ਰਜ ਮੈਨੂੰ ਵੇਖ ਲੈ,
ਅਜ ਰੱਜ ਰੱਜ ਕਰ ਲੈ ਪਿਆਰ ।

ਮੈਨੂੰ ਇਕੋ ਰਾਤ ਨ ਭੁਲਦੀ,
ਜਦੋਂ ਸੇਜੋਂ ਖੁਸ ਗਏ ਯਾਰ ।

ਤੇਰਾ ਰੰਗਲਾ ਚੂੜਾ ਚੁੰਮ ਲਵਾਂ,
ਜ਼ਰਾ ਮੈਂ ਵਲ ਬਾਂਹ ਉਲਾਰ ।

ਮੈਨੂੰ ਦੱਸੀ ਰੋ ਰੋ ਪੰਛੀਆ,

ਤੇਰੇ ਦਿਲ ਦੀ ਹਾਲ ਪੁਕਾਰ ।

੬੮.