ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਨੈਣ ਛੁਪਾ ਲੈ ਨੀਂ ਤੂੰ
ਆਪਣੇ ਨੈਣ ਛੁਪਾ ਲੈ

ਤੇਰੇ ਨੈਣ ਨਵੇਂ ਪਰਣਾਏ
ਇਹ ਨਾ ਜਾਨਣ ਜਗ ਦੇ ਚਾਲੇ
ਏਥੋਂ ਦੇ ਨੇ ਠਗ ਰਖਵਾਲੇ
ਗਲੀਆਂ ਵਿਚ ਬਹਿ ਬਾਤਾਂ ਪਾਉਂਦੇ
ਜ਼ੁਲਫ਼ਾਂ ਵਾਹ ਵਾਹ ਰਾਤਾਂ ਪਾਉਂਦੇ
ਦਿਨੇ ਦਿਨੇ ਸਮਝਾ ਲੈ ਨੀਂ ਤੂੰ
ਆਪਣੇ ਨੈਣ ਛੁਪਾ ਲੈ

ਉਡ ਗਏ ਇਹ ਤੇ ਹਥ ਨ ਆਉਣੇ
ਫੜ ਕੇ ਲੋਕਾਂ ਪਿੰਜਰੇ ਪਾਉਣੇ
ਇਹ ਨੇ ਨਿਆਣੇ ਲੋਕ ਸਿਆਣੇ
ਲੋਕਾਂ ਅੰਦਰੇ ਕੋਹ ਕੋਹ ਖ਼ਾਣੇ
ਤੈਨੂੰ ਲਗਦੇ ਲੋਕ ਪਿਆਰੇ
'ਨੂਰਪੁਰੀ' ਦੇ ਪਰਖੇ ਸਾਰੇ
ਅੰਦਰ ਬਹਿ ਜਾ ਭਾਗਾਂ ਭਰੀਏ
ਨਵੀਂ ਜਵਾਨੀ ਕੋਲੋਂ ਡਰੀਏ
ਘੁੰਡ ਦੀ ਕੁਟੀਆ ਪਾ ਲੈ ਨੀਂ
ਆਪਣੇ ਨੈਣ ਛੁਪਾ ਲੈ ਨੀਂ ਤੂੰ

੪੦.