ਪੰਨਾ:ਵਿਚਕਾਰਲੀ ਭੈਣ.pdf/35

ਇਹ ਸਫ਼ਾ ਪ੍ਰਮਾਣਿਤ ਹੈ

(੩੫)

 ਤੂੰ ਰੋਜ਼ ਰੋਜ਼ ਇਥੇ ਕਿਉਂ ਆਉਂਦਾ ਏਂ?

ਕਿਸ਼ਨ ਦਾ ਕਲੇਜਾ ਧੜਕ ਗਿਆ। ਹੇਮਾਂਗਨੀ ਦੀ ਇਹ ਕੜਕਵੀਂ ਸੁਰ, ਸਚਮੁੱਚ ਹੀ ਉਹਨੂੰ ਬਹੁਤ ਬੁਰੀ ਲੱਗੀ, ਇਹ ਦਾ ਸਬੱਬ ਭਾਵੇਂ ਕੋਈ ਹੋਵੇ, ਪਰ ਇਸ ਅਭਾਗੇ ਨੂੰ ਸਾਫ ਪਤਾ ਲੱਗ ਗਿਆ ਕਿ ਇਹ ਮਖੌਲ ਨਹੀਂ ਹੈ, ਨਾਂ ਹੀ ਪਿਆਰ ਭਰੀ ਝਿੜਕ ਹੈ।

ਡਰ, ਲੱਜਾ ਤੇ ਹੈਰਾਨੀ ਦੇ ਮਾਰਿਆਂ ਉਸਦੇ ਚਿਹਰੇ ਤੇ ਕਾਲੋਂ ਆ ਗਈ, ਆਖਣ ਲੱਗਾ, ਤੈਨੂੰ ਵੇਖਣ ਆਇਆ ਹਾਂ।

ਵਿਪਿਨ ਨੇ ਹੱਸ ਕੇ ਆਖਿਆ, “ਤੁਹਾਨੂੰ ਵੇਖਣ ਆਇਆ ਹੈ।"

ਇਹ ਹਾਸਾ ਨਹੀਂ ਸੀ, ਜਾਣੀਦਾ ਹੇਮਾਂਗਨੀ ਦਾ ਮੂੰਹ ਖਰਾਕੇ ਨਿਰਾਦਰ ਕੀਤਾ ਗਿਆ ਸੀ, ਉਸ ਨੇ ਕੁੱਟੀ ਹੋਈ ਸਪਣੀ ਵਾਂਗ ਵਿਸ ਘੋਲਦੀ ਘੋਲਦੀ ਨੇ ਆਪਣੇ ਪਤੀ ਵੱਲ ਇਕ ਵਾਰ ਵੇਖਦੀ ਹੋਈ ਨੇ ਅਖਾਂ ਦੂਜੇ ਪਾਸੇ ਕਰ ਲਈਆਂ ਤੇ ਕਿਸ਼ਨ ਨੂੰ ਕਿਹਾ, 'ਹਣ ਇਥੇ ਨ ਆਂਵੀ ਜਾਹ!'

ਚੰਗਾ ਆਖ ਕੇ ਕਿਸ਼ਨ ਨੇ ਆਪਣੇ ਮੂੰਹ ਦੀ ਕਾਲੋਂ ਨੂੰ ਹੱਸ ਕੇ ਲੁਕਾਉਣ ਦਾ ਯਤਨ ਕੀਤਾ। ਪਰ ਉਸ ਦਾ ਮੂੰਹ ਹੋਰ ਵੀ ਕਾਲਾ ਹੋ ਗਿਆ, ਉਹ ਨੀਵੀਂਂ ਪਾਕੇ ਚਲਿਆ ਗਿਆ।

ਇਸ ਦਿਲ ਨੂੰ ਹਿਲਾ ਦੇਣ ਵਾਲੇ ਅਸਰ ਨੂੰ ਆਪਣੇ ਚਿਹਰੇ ਤੇ ਪ੍ਰਗਟ ਕਰਦੀ ਹੋਈ ਹੇਮਾਂਗਨੀ ਨੇ ਪੱਤੀ ਦੇ ਮੂੰਹ ਵਲ ਇਕ ਵਾਰ ਵੇਖਿਆ ਤੇ ਫੇਰ ਕਮਰਾ ਛਡਕੇ ਚਲੀ ਗਈ।