ਇਹ ਸਫ਼ਾ ਪ੍ਰਮਾਣਿਤ ਹੈ

( ੪੮ )


ਕਿ ਮੇਰੇ ਨਾਲ ਪਹਿਲੇ ਨਾਲੋਂ ਵਧ ਪਿਆਰ ਪ੍ਰਗਟ ਕਰਦਾ ਹੈ। ਇਸ ਦਾ ਕਾਰਨ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਉਹ ਜਾਣਦਾ ਹੈ ਕਿ ਓਹਦੇ ਦਿਲ ਵਿੱਚ ਮੇਰੇ ਵਾਸਤੇ ਥਾਂ ਨਹੀਂ, ਬਨਾਉਟੀ ਪਿਆਰ ਹੋਰ ਚੀਜ਼ ਹੈ ਅਤੇ ਅਸਲੀ ਪਿਆਰ ਹੋਰ ਕੁਝ। ਏਨਾਂ ਦੋਹਾਂ ਦਾ ਫਰਕ ਸਿਆਣੀਆਂ ਤੀਵੀਆਂ ਚੰਗੀ ਤਰ੍ਹਾਂ ਸਮਝ ਸਕਦੀਆਂ ਹਨ। ਮੈਂ ਆਪਣੇ ਗਮ ਦੀ ਕਹਾਣੀ ਸੁਣਾ ਕੇ ਤੈਨੂੰ ਥਕਾ ਦਿੱਤਾ ਹੈ, ਕੀ ਮੈਂ ਨਹੀਂ ਜਾਣਦੀ ਕਿ ਤੂੰ ਕਿੰਨੀ ਕੁ ਘਬਰਾਈ ਹੋਵੇਂਗੀ ਪਰ ਜੇ ਮੈਂ ਤੈਨੂੰ ਹਾਲ ਨਾ ਸੁਣਾਵਾਂ ਤਾਂ ਹੋਰ ਕੀ ਕਰਾਂ? ਮੈਂ ਅਜੇ ਸਾਰਾ ਹਾਲ ਨਹੀਂ ਲਿਖਿਆ ਮੈਨੂੰ ਆਸ਼ਾ ਹੈ ਕਿ ਤੂੰ ਉੱਤਰ ਦੇ ਕੇ ਮੇਰੀ ਤਸੱਲੀ ਕਰੇਂਗੀ, ਦੇਖੀਂ, ਕਿਸੇ ਹੋਰ ਨੂੰ ਇਹ ਖਤ ਨਾ ਦੇਵੀਂ ਅਤੇ ਆਪਣੇ ਪਤੀ ਨੂੰ ਵੀ ਇਹ ਖਤ ਨਾ ਦਸੀਂ। ਕੀ ਤੂੰ ਮੇਰੇ ਪਾਸ ਨਹੀਂ ਆ ਸਕਦੀ! ਜੇ ਤੂੰ ਆ ਜਾਵੇਂ ਤਾਂ ਮੈਨੂੰ ਕੁਝ ਢਾਰਸ ਹੋ ਜਾਵੇ, ਆਪਣੇ ਪਤੀ ਅਤੇ ਪਿਆਰੇ ਧਰਮ ਸਿੰਘ ਦੀ ਸੁਖ ਸਾਂਦ ਦੀ ਖਬਰ ਭੇਜਦੀ ਰਿਹਾ ਕਰ!

ਤੇਰੀ ਦੁਖੀਆ ਭੈਣ-ਪ੍ਰੀਤਮ ਕੌਰ

ਕੁਝ ਦਿਨਾਂ ਪਿਛੋਂ ਪ੍ਰੀਤਮ ਕੌਰ ਨੂੰ ਉਪਰੋਕਤ ਖਤ ਦਾ ਇਹ ਜਵਾਬ ਆਇਆ: "ਭੈਣ! ਤੂੰ ਪਾਗਲ ਹੋ ਗਈ ਹੈਂ, ਨਹੀਂ ਤਾਂ ਤੈਨੂੰ ਪਤੀ ਦੇ ਦਿਲ ਉਤੇ ਕਿਉਂ ਸ਼ੱਕ ਹੁੰਦਾ। ਖਬਰਦਾਰ! ਉਸ ਉਤੇ ਕਿਸੇ ਤਰ੍ਹਾਂ ਦੀ ਬਦਗਮਾਨੀ ਨਾ ਕਰੀਂ, ਕਿਉਂਕਿ ਜਿਸ ਇਸਤ੍ਰੀ ਨੂੰ ਆਪਣੇ ਪਤੀ ਉਤੇ ਭਰੋਸਾ ਨਾ ਹੋਵੇ ਉਸ ਲਈ ਤਾਂ ਡੁਬ ਮਰਨਾ ਹੀ ਚੰਗਾ ਹੈ।"