ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਉਹ ਸੋਚਦੀ ਸੀ ਕਿ ਸੁੰਦਰ ਸਿੰਘ ਨੇ ਮੈਨੂੰ ਕਿਸ ਗੁਨਾਹ ਦਾ ਬਦਲੇ ਛਡ ਦਿਤਾ ਹੈ? ਸੁਰੱਸਤੀ ਇਕੱਲੀ ਬੈਠੀ ਸਦਾ ਇਹਨਾਂਂ ਗਲਾਂ ਉਤੇ ਹੀ ਵਿਚਾਰ ਕਰਦੀ ਰਹਿੰਦੀ ਉਹ ਸੋਚਦੀ ਸੀ ਕਿ ਅੱਛਾ! ਓਹ ਮੈਨੂੰ ਪਿਆਰ ਕਰੇ ਭਾਵੇਂ ਨਾ ਕਰੇ ਪਰ ਓਹ ਮੇਰੀਆਂ ਨਜ਼ਰਾਂ ਤੋਂ ਓਹਲੇ ਕਿਉਂ ਗਿਆ? ਇਸਦੇ ਬਿਨਾਂ ਉਹ ਮੈਨੂੰ ਆਪਣੇ ਦੁਖਾਂ ਦਾ ਕਾਰਨ ਕਿਉਂ ਸਮਝਦਾ ਹੈ?

ਨਿਰਸੰਦੇਹ ਕਿਸੇ ਕੁਲੱਖਣੀ ਘੜੀ ਸੁੰਦਰ ਸਿੰਘ ਨੇ ਸੁਰੱਸਤੀ ਨਾਲ ਵਿਆਹ ਕੀਤਾ ਸੀ ਕਿਉਂਕਿ ਜਿਸ ਤਰ੍ਹਾਂ ਮੌਤ ਦੇ ਬੂਟੇ ਦੇ ਹੇਠਾਂ ਬੈਠਣ ਨਾਲ ਹਰੇਕ ਜੀਵ ਮਰ ਜਾਂਦਾ ਹੈ ਇਸੇ ਤਰ੍ਹਾਂ ਇਸ ਵਿਆਹ ਵਿਚ ਜਿੰਨੇ ਆਦਮੀਆਂ ਦਾ ਸੰਬੰਧ ਸੀ ਸਾਰੇ ਹੀ ਉਜੜ ਗਏ ਹਨ। ਹੁਣ ਸੁਰੱਸਤੀ ਆਪਣੇ ਦਿਲ ਵਿਚ ਸੋਚਦੀ ਸੀ ਕਿ 'ਪ੍ਰੀਤਮ ਕੌਰ' ਮੇਰੇ ਹੀ ਕਾਰਨ ਇਹਨਾਂ ਕਸ਼ਟਾਂ ਨੂੰ ਪਹੁੰਚੀ ਉਸ ਨੇ ਆਪ ਡਾਢੇ ਵੇਲੇ ਮੇਰੀ ਬਾਂਹ ਫੜੀ ਮੇਰੇ ਨਾਲ ਧੀਆਂ ਭੈਣਾਂ ਵਰਗਾ ਪਿਆਰ ਕੀਤਾ ਪਰ ਮੈਂ ਉਸ ਨੂੰ ਫਕੀਰਨੀ ਬਣਾਇਆ ਕੀ ਮੈਨੂੰ ਯੋਗ ਸੀ ਕਿ ਓਸ ਦੀ ਸੌਕਣ ਬਣਦੀ? ਹਾਇ! ਮੇਰੇ ਨਾਲੋਂ ਵਧ ਦੁਖੀ ਕੌਣ ਹੈ? ਮੈਂ ਕਿਉਂ ਨਾ ਆਪਣੇ ਪਿਤਾ ਦੇ ਨਾਲ ਹੀ ਮਰ ਗਈ? ਮੈਂ ਹੁਣ ਵੀ ਕਿਉਂ ਨਹੀਂ ਮਰ ਜਾਂਦੀ? ਖੈਰ, ਮੈਂ ਅਜੇ ਨਹੀਂ ਮਰਦੀ ਓਹਨੂੰ ਇਕ ਵਾਰੀ ਆ ਲੈਣ ਦੇਵਾਂ ਮੈਂ ਇਕ ਵਾਰੀ ਤਾਂ ਓਸਨੂੰ ਦੇਖ ਲਵਾਂ ਕੀ ਹੁਣ ਉਹ ਆਏਗਾ ਹੀ ਨਹੀਂ? ਸੁਰੱਸਤੀ ਨੂੰ ਪ੍ਰੀਤਮ ਕੌਰ ਦੇ ਮਰ ਜਾਣ ਦੀ ਕੋਈ ਖਬਰ ਨਹੀਂ ਸੀ ਉਸ ਨੇ ਸੋਚਿਆ ਕਿ ਹੁਣ ਮਰਨ ਨਾਲ ਕੀ ਲਾਭ? ਜੇ ਪ੍ਰੀਤਮ ਕੌਰ ਆ ਜਾਵੇ ਤਾਂ ਮੈਂ ਮਰ ਜਾਵਾਂਗੀ ਮੈਂ ਹੁਣ ਉਹਦੇ ਰਸਤੇ ਵਿਚ ਕੰਡਾ ਨਾ ਰਹਾਂਂਗੀ।