ਇਹ ਸਫ਼ਾ ਪ੍ਰਮਾਣਿਤ ਹੈ

( ੧੨੧)

ਅੱਖਾਂ ਵਿਚੋਂ ਅਥਰੂ ਨਿਕਲ ਆਏ ਗੁਰਬਖਸ਼ ਕੌਰ ਨੇ ਚਿੱਠੀ ਖੋਲ੍ਹਕੇੇ ਪੜ੍ਹੀ ਤਾਂ ਇਹ ਲਿਖਿਆ ਸੀ:-
'ਜਿਸ ਦਿਨ ਮੈਂ ਆਪਣੇ ਪਤੀ ਪਾਸੋਂ ਇਹ ਸੁਣਿਆ ਕਿ ਉਹ ਸੁਰੱਸਤੀ ਪਿਛੇ ਮਰਦੇ ਹਨ ਅਤੇ ਜੇ ਉਹ ਨਾ ਮਿਲੀ ਤਾਂ ਛੇਤੀ ਹੀ ਮੇਰੇ ਦਿਲ ਨੂੰ ਦਾਗ਼ ਦੇ ਜਾਣਗੇ ਤਾਂ ਮੈਂ ਉਸੇ ਦਿਨ ਤੋਂ ਪ੍ਰਣ ਕਰ ਲਿਆ ਸੀ ਕਿ ਜੇ ਸੁਰੱਸਤੀ ਮਿਲ ਜਾਏ ਤਾਂ ਅਪਣੇ ਪਤੀ ਦਾ ਵਿਵਾਹ ਉਹਦੇ ਨਾਲ ਕਰਕੇ ਆਪ ਕਿਤੇ ਨਿਕਲ ਜਾਵਾਂਗੀ, ਕਿਉਂਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਕਿਸੇ ਦੂਜੀ ਤੀਵੀਂ ਦਾ ਪਤੀ ਵੇਖ ਕੇ ਸਹਾਰਾ ਨਹੀਂ ਕਰ ਸਕਾਂਗੀ। ਸੋ ਮੈਂ ਆਪਣਾ ਉਹ ਪ੍ਰਣ ਪੂਰਾ ਕਰ ਦਿਤਾ ਹੈ। ਮੇਰਾ ਇਰਾਦਾ ਤਾਂ ਇਹ ਸੀ ਕਿ ਜਿਸ ਦਿਨ ਵਿਆਹ ਹੋਵੇ ਉਸੇ ਦਿਨ ਨਿਕਲ ਜਾਵਾਂ, ਪਰ ਮੇਰੀ ਇਹ ਬੜੀ ਚਾਹ ਸੀ ਕਿ ਰਤਾ ਆਪਣੇ ਪਤੀ ਦੀ ਖੁਸ਼ੀ ਵੇਖ ਲਵਾਂ ਅਤੇ ਏਸ ਤੋਂ ਬਿਨਾਂ ਇਕ ਵਾਰੀ ਤੈਨੂੰ ਵੀ ਮਿਲ ਲਵਾਂ, ਸੋ ਇਹ ਚਾਹ ਪੂਰੀ ਹੋ ਗਈ ਹੈ ਅਤੇ ਮੈਂ ਚਲੀ ਗਈ ਹਾਂ। ਜਿਸ ਵੇਲੇ ਤੁਹਾਨੂੰ ਇਹ ਚਿੱਠੀ ਮਿਲੇਗੀ ਮੈਂ ਤੁਹਾਡੇ ਤੋਂ ਬਹੁਤ ਦੂਰ ਹੋਵਾਂਗੀ, ਮੈਂ ਤੁਹਾਨੂੰ ਇਹ ਭੇਤ ਏਸ ਲਈ ਨਹੀਂ ਦਸਿਆ ਸੀ ਕਿ ਤੁਸੀਂ ਮੈਨੂੰ ਜਾਣ ਨਹੀਂ ਦਿਉਗੇ। ਹੁਣ ਮੈਂ ਤੁਹਾਡੇ ਪਾਸੋਂ ਇਕ ਹੋਰ ਗਲ ਚਾਹੁੰਦੀ ਹਾਂ, ਉਹ ਇਹ ਹੈ ਕਿ ਮੇਰੀ ਭਾਲ ਨ ਕਰਨੀ, ਮੈਨੂੰ ਆਸ਼ਾ ਨਹੀਂ ਕਿ ਮੈਂ ਤੁਹਾਨੂੰ ਫੇਰ ਵੇਖ ਸਕਾਂ ਜਦ ਤਕ ਸੁਰੱਸਤੀ ਉਥੇ ਹੈ ਮੈਂ ਨਹੀਂ ਆਵਾਂਗੀ ਅਤੇ ਜੇ ਮੈਨੂੰ ਲੱਭੋਗੇ ਤਾਂ ਵੀ ਨਹੀਂ ਮਿਲ ਸਕਾਂਗੀ। ਹੁਣ ਮੈਂ ਇਕ ਗਰੀਬ, ਅਨਾਥ ਅਤੇ ਘਰੋਂ ਘਾਟੋਂਂ ਉਜੜੀ ਹੋਈ ਫਕੀਰਨੀ ਹਾਂ, ਫਕੀਰੀ ਵੇਸ ਵਿਚ ਦਰ ਦਰ ਟੁਕੜੇ ਮੰਗਕੇ ਢਿੱਡ ਭਰਾਂਗੀ।