ਪੰਨਾ:ਵਸੀਅਤ ਨਾਮਾ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਗਲ ਨਹੀਂ ਛੇੜਦਾ ਤਾਂ ਉਸ ਨੇ ਆਪਣੀ ਜ਼ਿਮੀਦਾਰੀ ਦੀ ਹੀ ਗਲ ਛੇੜ ਦਿਤੀ। ਜ਼ਿਮੀਦਾਰੀ ਦੀ ਗਲ ਪਿਛੋਂ ਘਰ ਗਰਿਸਥੀ ਦੀ ਗਲ ਅਰ ਇਸਦੇ ਪਿਛੋਂ ਮੁਕਦਮੇ ਦੀ ਗਲ ਹੋਈ। ਤਾਂ ਵੀ ਰਾਣੀ ਦੀ ਗਲ ਨ ਚਲੀ। ਕਿਸੇ ਤਰਾਂ ਵੀ ਗੁਬਿੰਦ ਲਾਲ ਨੇ ਰਾਣੀ ਦੀ ਗਲ ਨ ਛੇੜੀ। ਕ੍ਰਿਸ਼ਨ ਕਾਂਤ ਮਨ ਵਿਚ ਬੜੇ ਜ਼ੋਰ ਨਾਲ ਹਸਿਆ। ਬੁਢਾ ਬੜਾ ਦੁਸ਼ਟ ਹੈ!

ਅਖੀਰ ਗਬਿੰਦ ਲਾਲ ਵਾਪਸ ਜਾ ਰਿਹਾ ਸੀ-ਕ੍ਰਿਸ਼ਨ ਕਾਂਤ ਨੇ ਭਤੀਜੇ ਨੂੰ ਸਦਿਆ ਅਰ ਕਿਹਾ-ਸਵੇਰੇ ਜਿਸ ਇਸਤ੍ਰੀ ਦੀ ਤੂੰ ਜਮਾਨਤ ਭਰੀ ਸੀ ਉਸਨੇ ਕੁਛ ਦਸਿਆ ਹੈ ਜਾਂ ਨਹੀਂ?

ਤਦ ਮੌਕਾ ਪਾ ਕੇ ਗੁਬਿੰਦਲਾਲ ਨੇ ਜੋ ਕੁਛ ਰਾਣੀ ਨੇ ਦਸਿਆ ਸੀ ਕਹਿ ਦਿਤਾ। ਪਰ ਬਾਰੂਨੀ ਤਲਾ ਵਾਲੀ ਗਲ ਲੁਕਾ ਰਖੀ।

ਕ੍ਰਿਸ਼ਨ ਕਾਂਤ ਨੇ ਸੁਣ ਕੇ ਕਿਹਾ-ਹੁਣ ਉਸ ਨਾਲ ਕੀ ਵਰਤਾਉ ਕੀਤਾ ਜਾਏ? ਤੇਰੀ ਕੀ ਰਾਏ ਹੈ?

ਗੁਬਿਦ ਸ਼ਰਮਾ ਕੇ ਬੋਲਿਆ-ਜੋ ਤੁਹਾਡੀ ਰਾਏ ਹੋਵੇਗੀ ਉਹ ਮੇਰੀ ਰਾਏ ਹੈ।

ਕ੍ਰਿਸ਼ਨ ਕਾਂਤ ਅੰਦਰੋ ਅੰਦਰੀ ਹਸ ਕੇ ਬੋਲਿਆ-ਮੈਂ ਉਸ ਦੀਆਂ ਗਲਾਂ ਦਾ ਇਤਬਾਰ ਨਹੀਂ ਕਰ ਸਕਦਾ, ਉਸ ਦਾ ਸਿਰ ਮੁਨਵਾ ਮੂੰਹ ਕਾਲਾ ਕਰ ਪਿੰਡ ਵਿਚੋਂ ਕੱਢ ਦੇਵੋ। ਕਹੋ, ਕੀ ਕਹਿੰਦਾਹੈਂਂ?

ਗੁਬਿੰਦ ਚੁਪ ਹੋ ਰਿਹਾ। ਤਾਂ ਫਿਰ ਬੁਢੇ ਨੇ ਕਿਹਾ-ਜੇ ਤੂੰ ਸਮਝਦਾ ਹੈਂਂ ਕਿ ਉਸਦਾ ਕੋਈ ਦੋਸ਼ ਨਹੀਂ ਤਾਂ ਉਸਨੂੰ ਛਡ ਦੇ।

ਤਦ ਗੁਬਿਦ ਲਾਲ ਨੇ ਇਕ ਠੰਢੀ ਸਾਹ ਭਰ ਕੇ ਬੁਢੇ ਦੇ ਹਥੋਂ ਛੁਟਕਾਰਾ ਪਾਇਆ।


੬੨