ਪੰਨਾ:ਵਸੀਅਤ ਨਾਮਾ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਤਦ ਹਰ ਲਾਲ ਨੇ ਕ੍ਰਿਸ਼ਨ ਕਾਂਤ ਦੇ ਅਸਲੀ ਵਸੀਅਤ ਨਾਮੇ ਤੇ ਜਾਲੀ ਵਸੀਅਤ ਨਾਮੇ ਦੀ ਗਲ ਸਮਝਾ ਕੇ ਅਖੀਰ ਵਿਚ ਕਿਹਾ- ਉਸ ਅਸਲੀ ਵਸੀਅਤ ਨਾਮੇ ਨੂੰ ਚੁਰਾ ਕੇ ਉਸ ਦੀ ਜਗਾ ਨਕਲੀ ਵਸੀਅਤ ਨਾਮੇ ਨੂੰ ਰਖ ਔਣਾ ਹੋਵੇਗਾ। ਤੂੰ ਸਾਡੇ ਘਰ ਵਿਚ ਬਰਾਬਰ ਔਂਦੀ ਜਾਂਦੀ ਹੈਂਂ ਅਤੇ ਹੈਂਂ ਵੀ ਹੁਸ਼ਿਆਰ, ਇਸ ਕੰਮ ਨੂੰ ਚੁਟਕੀ ਵਜਾਂਦਿਆਂ ਕਰ ਸਕਦੀ ਹੈਂ। ਕਿਉਂ? ਕਰੇਂਂਗੀ?

ਰਾਣੀ ਕੰਬ ਉਠੀ, ਉਸ ਨੇ ਕਿਹਾ-ਚੋਰੀ? ਮੈਨੂੰ ਵਢ ਕੇ ਸੁਟ ਦੇਣ ਤਾਂ ਵੀ ਮੈਂ ਚੋਰੀ ਨਹੀਂ ਕਰ ਸਕਦੀ।

ਹਰ ਲਾਲ-ਬੁਢੀਆਂ ਕੁਛ ਕਰ ਨਹੀਂ ਸਕਦੀਆਂ, ਕੇਵਲ ਗੱਲਾਂ ਕਰਨੀਆਂ ਈ ਜਾਨਦੀਆਂ ਹਨ। ਮੈਂ ਜਾਣਦਾ ਹਾਂ ਤੂੰ ਇਸ ਜਨਮ ਵਿਚ ਮੇਰੇ ਹਸਾਨ ਦਾ ਬਦਲਾ ਨਹੀਂ ਚੁਕਾ ਸਕਦੀ।

ਰਾਣੀ-ਹੋਰ ਜੋ ਕੁਛ ਕਹੋ ਕਰ ਸਕਦੀ ਹਾਂ। ਮਰਨ ਵਾਸਤੇ ਕਹੋ ਤਾਂ ਤਿਆਰ ਹਾਂ, ਪਰ ਵਿਸ਼ਵਾਸ ਘਾਤ ਦਾ ਕੰਮ ਮੈਂ ਨਹੀਂ ਕਰ ਸਕਦੀ।

ਰਾਣੀ ਨੂੰ ਕਿਸੇ ਤਰਾਂ ਰਾਜ਼ੀ ਨ ਕਰ ਸਕਣ ਤੇ ਹਰ ਲਾਲ ਉਹੋ ਹਜਾਰ ਰੁਪਏ ਦੇ ਨੋਟ ਦੇਣ ਲਗਾ। ਬੋਲਿਆ- ਰਾਣੀ, ਐਹ ਲੈ ਹਜਾਰ ਰੁਪਇਆ, ਤੈਨੂੰ ਇਹ ਕੰਮ ਜਰੂਰ ਕਰਨਾ ਪਵੇਗਾ।

ਰਾਣੀ ਨੇ ਨੋਟ ਨਹੀਂ ਲਏ ਅਤੇ ਕਿਹਾ-ਰੁਪਏ ਦੀ ਮੈਨੂੰ ਕੋਈ ਇਛਿਆ ਨਹੀਂ। ਭਾਵੇਂ ਆਪਣੇ ਪਿਤਾ ਦੀ ਸਾਰੀ ਜਾਇਦਾਦ ਵੀ ਮੈਨੂੰ ਦੇ ਦਿਉ ਤਾਂ ਵੀ ਮੈਂ ਇਹ ਕੰਮ ਨਹੀਂ ਕਰ ਸਕਦੀ। ਜੇ ਕਰਨਾ ਹੁੰਦਾ ਤਾਂ ਤੁਹਾਡੇ ਕਹਿਣ ਤੇ ਉਸ ਤਰਾਂ ਹੀ ਕਰ ਦਿੰਦੀ।

ਹਰ ਲਾਲ-ਰਾਣੀ! ਮੈਂ ਸਮਝਦਾ ਸਾਂ ਕਿ ਤੂੰ ਮੇਰੀ ਭਲਾਈ ਚਾਹੁਣ ਵਾਲੀ ਹੈ, ਪਰ ਕੀ ਕੋਈ ਪਰਾਇਆ ਕਦੀ ਆਪਣਾ ਹੋ ਸਕਦਾ ਹੈ? ਦੇਖ, ਜੇ ਅਜ ਮੇਰੀ ਵਹੁਟੀ ਜੀਊਂਦੀ ਹੁੰਦੀ ਤਾਂ ਮੈਨੂੰ ਤੇਰੀ ਖੁਸ਼ਾਮਦ ਨ ਕਰਨੀ ਪੈਂਦੀ। ਉਹ ਮੇਰਾ ਕੰਮ ਕਰ ਦਿੰਦੀ।

ਰਾਣੀ ਜਰਾ ਮੁਸਕਰਾਈ। ਹਰ ਲਾਲ ਨੇ ਪੁਛਿਆ ਹਸਦੀ ਕਿਉਂ ਹੈਂਂ?

੨੩