ਪੰਨਾ:ਵਸੀਅਤ ਨਾਮਾ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਇਆ--ਗੁਬਿੰਦ ਲਾਲ ਦੀ। ਉਹ ਏਥੇ ਈ ਹਨ । ਬਾਬੂ ਜੀ ਨੇ ਤੇਰੀ ਬਿਮਾਰੀ ਦੀ ਖਬਰ ਉਸ ਨੂੰ ਦਿਤੀ ਸੀ। ਸੁਣ ਕੇ ਉਹ ਤੈਨੂੰ ਇਕ ਵਾਰ ਦੇਖਣ ਲਈ ਆ ਗਏ ਹਨ। ਅਜ ਹੀ ਆਏ ਹਨ। ਤੇਰੀ ਹਾਲਤ ਦੇਖ ਕੇ ਡਰ ਨਾਲ ਇਹ ਗਲ ਅਜ ਤਕ ਤੈਨੂੰ ਨਹੀਂ ਕਹੀ ਸੀ । ਉਸ ਦੀ ਵੀ ਔਣ ਦੀ ਹਿੰਮਤ ਨਹੀਂ ਪੈਂਦੀ।
ਰੋ ਕੇ ਰਜਨੀ ਨੇ ਕਿਹਾ-ਇਕ ਵਾਰ ਦਿਖਾ ਦੇ ਭੈਣ ! ਇਸ ਜਨਮ ਵਿਚ ਮੈਂ ਉਹਨਾਂ ਨੂੰ ਇਕਵਾਰ ਦੇਖਲਵਾਂ। ਇਸਵੇਲੇ ਉਹਨਾ ਨੂੰ ਮਿਲ ਲਵਾਂ ।
ਛਾਇਆ ਉਥੇ ਚਲੀ ਗਈ । ਥੋੜੀ ਦੇਰ ਬਾਹਦ ਗੁਬਿੰਦ ਲਾਲ ਸਤ ਸਾਲ ਪਿਛੋਂ ਦਬੇ ਪੈਰ ਆਪਣੇ ਸੌਣ ਵਾਲੇ ਕਮਰੇ ਵਿਚ ਆਇਆ।
ਦੋਵੇਂ ਹੀ ਰੋ ਰਹੇ ਸਨ । ਗਲ ਕਿਸੇ ਦੇ ਮੂੰਹੋਂਂ ਨ ਨਿਕਲੀ। ਰਜਨੀ ਨੇ ਸਵਾਮੀ ਨੂੰ ਕੋਲ ਆ ਕੇ ਪਲੰਘ 'ਤੇ ਬੈਠਨ ਲਈ ਇਸ਼ਾਰਾ ਕੀਤਾ। ਰੋਂਦਾ ਰੋਂਦਾ ਗੁਬਿੰਦ ਲਾਲ ਪਲੰਘ ਤੇ ਬੈਠ ਗਿਆ। ਰਜਨੀ ਨੇ ਉਸ ਨੂੰ ਹੋਰ ਨੇੜੇ ਔਣ ਲਈ ਕਿਹਾ। ਗਬਿੰਦ ਲਾਲ ਹੋਰ ਨੇੜੇ ਹੋ ਗਿਆ। ਤਦ ਰਜਨੀ ਨੇ ਦੋਵਾਂ ਹਥਾਂ ਨਾਲ ਸਵਾਮੀ ਦੇ ਚਰਨਾਂ ਨੂੰ ਛੂਹ ਕੇ ਉਨਾਂ ਦੀ ਧੂੜ ਲੈ ਕੇ ਮਥੇ ਤੇ ਲਾਈ । ਬੋਲੀ-ਅਜ ਮੇਰੇ ਸਭ ਅਪਰਾਧਾਂ ਨੂੰ ਮਾਫ ਕਰੋ, ਮੈਨੂੰ ਅਸ਼ੀਰਵਾਦ (ਅਸੀਸ) ਦੇਵੋ ਜਿਸ ਨਾਲ ਮੈਂ ਪਰਲੋਕ ਵਿਚ ਸੁਖੀ ਰਹਿ ਸਕਾਂ ।
ਗੁਬਿੰਦ ਲਾਲ ਕੁਛ ਕਹਿ ਨਾ ਸਕਿਆ। ਰਜਨੀ ਨੇ ਦੋਵਾਂ ਹਥਾਂ ਨੂੰ ਆਪਨੇ ਹਥਾਂ ਵਿਚ ਲਿਆ। ਹਥ ਹਥਾਂ ਵਿਚ ਹੀ ਰਹਿ ਗਏ। ਬੜੀ ਦੇਰ ਤਕ ਏਸ ਤਰਾਂ ਹੀ ਰਹੇ।
ਰਜਨੀ ਨੇ ਪ੍ਰਾਣ ਤਿਆਗ ਦਿਤੇ।


੧੬੮