ਪੰਨਾ:ਵਰ ਤੇ ਸਰਾਪ.pdf/95

ਇਹ ਸਫ਼ਾ ਪ੍ਰਮਾਣਿਤ ਹੈ

"ਤੀਹ ਆਦਮੀਆਂ ਦਾ ਬੈਂਚ। ਸਿੰਘ ਸਾਹਿਬ, ਤੁਸੀਂ ਤੇ ਪੁਰਾਣੇ ਫ਼ੌਜੀ ਹੋ ਤੇ ਫਿਰ ਲਾਮ ਲਗੀ ਹੋਈ ਹੈ, ਲਾਮ। ਤੁਸੀਂ ਤੋਂ ਜਾਣਦੇ ਹੋ ਲੜਾਈ ਵਿਚ ਕਿਸ ਤਰ੍ਹਾਂ ਬੰਦਿਆਂ ਦੀ ਲੋੜ ਪੈਂਦੀ ਹੈ। ਮਚਦੀ ਅਗ ਲਈ ਬਾਲਣ ਜਿਤਨਾ ਵੀ ਹੋਵੇ ਥੋੜਾ ਹੈ। ਹੋਰ ਭਰਤੀ ਦਿਓ ਨਹੀਂ ਤੇ "ਔਨਰੇਰੀ ਮੈਜਿਸਟਰੇਟੀ ਖੁਸਦੀ ਜੇ।"
ਡਿਪਟੀ ਕਮਿਸ਼ਨਰ ਨੇ ਇਹ ਗਲ ਭਾਵੇਂ ਭਾਵਆਵੇਸ਼ ਵਿਚ ਕਹਿ ਦਿੱਤੀ ਸੀ, ਪਰ ਇਸ ਨਾਲ ਸਿੰਘ ਸਾਹਿਬ ਦੇ ਅੰਦਰ ਧੁਖ ਧੁਖੀ ਜਹੀ ਲਗ ਗਈ ਅਤੇ ਉਹ ਅੰਗਰੇਜ਼ ਹਾਕਮ ਦੇ ਹੁਕਮ ਤੇ ਫੁਲ ਚੜ੍ਹਾਨ ਲਈ ਪੂਰੇ ਤਾਣ ਨਾਲ ਜੁਟ ਗਏ।

"ਮੈਂ ਕਿਹਾ ਗੁਲਾਮ ਮੁਹੰਮਦਾ, ਪੁਤਰ ਤੇਰਾ ਜਵਾਨ ਹੋ ਗਿਐ। ਵਾਹ ਵਾਹ ਸੋਹਣਾ ਗਭਰੂ ਹੈ। ਇਸ ਨੂੰ ਤੂੰ ਭਰਤੀ ਕਿਉਂ ਨਹੀਂ ਕਰਾਂਦਾ ਕੋਈ ਅਹੁਦਾ ਪਾ ਜਾਈਗਾ। ਮੈਂ ਸ਼ਰਤ ਲਾਨਾ ਜੇ ਇਸ ਨੂੰ ਵੇਖ ਕੇ ਸੀ.ਇਨ.ਸੀ. ਸਾਹਿਬ ਨਾ ਕਹਵੇ "ਇਸ ਮਾਫਕ ਜਵਾਨ ਮਾਂਗਟਾ।" ਤੇ ਉਹ ਕੌਣ ਏਂ ਸ਼ੈਕਰ ਦੇ ਨਾਲ .... ਅਛਾ ਅਛਾ ਆਪਣਾ ਹੀਰਾ ਲਾਲ ਹੈ। ਹੀਰਾ ਲਾਲ ਤੇਰੀ ਛਾਤੀ ਤਾਂ ਰਤਾ ਘਟ ਰੀ ਹੈ, ਪਰ ਕੋਈ ਨਹੀਂ ਰੀਕਰੂਟਿੰਗ ਔਫ਼ੀਸਰ ਨੂੰ ਕਹਿ ਦਿਆਂਗੇ। ਉਸ ਦਿਨ ਆਪਣੇ ਸਾਵਣ ਸੋਂਹ ਦਾ ਮੁੰਡਾ ਲੈ ਗਏ ਸਾਂ। ਉਸ ਦਾ ਕਦ ਰਤਾ ਘਟ ਨਿਕਲਿਆ। ਜੀਟਨ ਸਾਹਿਬ ਪਹਿਲਾਂ ਤਾਂ ਕਹਿਣ ਲਗਾ '"ਇਹ ਮਾਤਾ ਦਾ ਮਾਲ ਕਿਥੋਂ ਆਇਆ?" ਪਰ ਫਿਰ ਮੈਂ ਉਸ ਨੂੰ ਕਿਹਾ ਤੇ ਮੰਨ ਗਿਆ। ਭਲਾ ਲੋਕ ਹੈ ਵਿਚਾਰਾ। ਸਾਡਾ ਕਿਹਾ ਨਹੀਂ ਮੋੜਨ ਲਗਾ।"

ਵਰ ਤੇ ਸਰਾਪ

੧੦੧.