ਪੰਨਾ:ਵਰ ਤੇ ਸਰਾਪ.pdf/70

ਇਹ ਸਫ਼ਾ ਪ੍ਰਮਾਣਿਤ ਹੈ

ਹੈ, ਪਰ ਇਹ ਪਾਣੀ ਆਪ ਉਹਨ ਦੀ ਆਪਣੀ ਹੀ ਵਰਤੋਂ ਲਈ ਹੈ, ਇਸਦਾ ਵੱਤਰ ਉਨ੍ਹਾਂ ਦੀਆਂ ਅਗਲੀਆਂ ਖੇਤੀਆਂ ਸਿੰਝਦਾ ਰਹੇਗਾ। ਅਮੀਰਾਂ ਦਿਆਂ ਮਹਲਿਆਂ ਵਿਚ ਤਾਂ ਕਮੇਟੀ ਦਾ ਨਲ ਵੀ ਜੇ ਚਾਹੁੰਦਾ ਹੈ ਤਾਂ ਪਾਣੀ ਦਿੰਦਾ ਹੈ ਚਾਹੁੰਦਾ ਹੈ ਤਾਂ ਬੰਦ ਹੋ ਜਾਂਦਾ ਹੈ।
ਤੇ ਉਹ ਗੁਸੇ ਨਾਲ ਉਥੋਂ ਅਗੇ ਤੁਰ ਪਏ। ਪੱਕੀਆਂ ਇੱਟਾਂ ਦੇ ਮਕਾਨ ਕਾਹਲੀ ਕਾਹਲੀ ਉਨ੍ਹਾਂ ਵਲ ਵਧ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਹੁਣੇ ਉਹ ਉਨ੍ਹਾਂ ਸਾਰਿਆਂ ਮਕਾਨਾਂ ਨੂੰ ਫੂਕ ਸੁਟਣਗੇ। ਅਮੀਰਾਂ ਦੀ ਦੁਨੀਆਂ ਵਿਚ ਹਲ-ਚਲ ਮਚ ਜਾਵੇਗੀ ਉਹ ਕਿਸੇ ਨੂੰ ਲੁੱਟ ਲੈਣਗੇ, ਕਿਸੇ ਨੂੰ ਮਾਰ ਦੇਣਗੇ। ਉਹ ਚੋਰੀ ਨਹੀਂ-ਸੀਨਾ ਜ਼ੋਰੀ ਕਰਨਗੇ, ਉਹ ਇਕ ਤੇ ਇਕ ਦੋ ਨਹੀਂ ਯਾਰਾਂ ਸਨ-ਇਕ ਤੀਵੀਂ ਤੇ ਇਕ ਮਰਦ। ਉਨ੍ਹਾਂ ਨੂੰ ਇਕ ਦੂਜੇ ਦਾ ਸਹਾਰਾ ਹੀ ਕਾਫ਼ੀ ਸੀ -ਮਰਦ ਜ਼ੋਰ ਵਾਲਾ ਸੀ, ਤਾਣ ਵਾਲਾ ਸੀ ਤੇ ਤੀਵੀਂ ਪਾਸ ਇਕੋ ਹਥਿਆਰ ਸੀ ਉਸਦਾ ਤਰੀਮਤ-ਪਨ ਜੋ ਕਾਫ਼ੀ ਤੇਜ਼ ਸੀ, ਕਾਰੀ ਸੀ, ਤੇ ਮਾਰੂ ਵੀ।

ਉਹ ਤੁਰਦੇ ਜਾ ਰਹੇ ਸਨ - ਹੌਲੀ ਹੌਲੀ ਕਦੀ ਤੇਜ਼ ਤੇਜ਼। ਉਨ੍ਹਾਂ ਦੀ ਚਾਲ ਉਨ੍ਹਾਂ ਦਿਆਂ ਖਿਆਲਾਂ ਤੇ ਨਿਰਭਰ ਸੀ। ਅੱਗੇ ਅੱਗੇ, ਹੋਰ ਅਗੇ। ਹੁਣ ਉਹ ਕੱਖਾਂ ਦੀਆਂ ਕੁਲੀਆਂ ਤੀਕ ਅੱਪੜ ਪਏ ਸਨ, ਜਿਨ੍ਹਾਂ ਵਿਚ ਮਜ਼ਦੂਰ ਲੋਕ ਕਹਿੰਦੇ ਸਨ - ਵੱਡੇ ਵੱਡੇ ਧਨਾਢ ਸੇਠਾਂ ਦੇ ਗ਼ਰੀਬ ਕਾਰਿੰਦੇ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਪੇਟ ਲਈ ਮਨ ਤਾਂ ਕੀ ਤਨ ਤੀਕ ਵੀ ਆਪਣੇ ਮਾਲਕਾਂ ਪਾਸ ਵੇਚਣਾ ਪੈਂਦਾ ਸੀ।

੭੪.

ਵਰ ਤੇ ਸਰਾਪ