ਪੰਨਾ:ਵਰ ਤੇ ਸਰਾਪ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਸ਼ਾਂਤੀ ਨਾਲ ਮਰਦਿਆਂ ਵੇਖਣ ਦੀ ਹਸਰਤ ਮੇਰੇ ਆਪਣੇ ਦਿਲ ਵਿਚ ਹੈ, ਤੇ ਮੈਂ ਸੋਚਦਾ ਹਾਂ ਜਦ ਤੀਕ ਇਹ ਹਸਰਤ ਮੇਰੇ ਆਪਣੇ ਦਿਲ ਵਿਚ ਹੈ, ਮੇਰਾ ਪਤਾ ਸ਼ਾਂਤੀ ਨਾਲ ਨਹੀਂ ਮਰ ਸਕੇਗਾ। ਮੈਂ ਉਸ ਦੇ ਬੰਧਨਾ ਦੀ ਜ਼ੰਜੀਰ ਨੂੰ ਕਟਣਾ ਹੈ। ਤੇ ਮੈਂ ਸੋਚਦਾ ਹਾਂ ਇਸ ਲਈ ਮੈਂ ਉਸ ਦਾ ਇਹ ਭੱਠ ਹਮੇਸ਼ਾ ਲਈ ਝੋਕਦਾ ਰਵਾਂਗਾ। ਇਹ ਅਹਿਰਣ ਮੈਂ ਸਦਾ ਹੀ ਵਰਤਦਾ ਰਵਾਂਗਾ ਜਦ ਤੀਕ ਮੈਦੇ ਵਿਚ ਦੰਮ ਹੈ। ਜਦ ਤੀਕ ਮੇਰੀਆਂ ਬਾਹਵਾਂ ਵਿਚ ਸਤਿਆ ਹੈ। ਜਦ ਤੀਕ ਮੇਰੇ ਪਿਤਾ ਦੀਆਂ ਸਿਸਕਦੀਆਂ ਹੋਈਆਂ ਸੇਜਲ ਅੱਖੀਆਂ ਮੇਰੇ ਸਾਹਮਣੇ ਸ਼ਾਂਤੀ ਨਾਲ ਮਿਚ ਨਹੀਂ ਜਾਂਦੀਆਂ ਤੇ ਜਦ ਤੀਕ ਜੀਉਂਦੇ ਨੇ ਮੇਰੇ ਮਦਦਗਾਰ-ਇਹ ਅਹਿਰਣ, ਇਹ ਭਠੀ ਤੇ ਇਹ ਹਥੌੜਾ। ਇਸ ਅਹਿਰਣ ਤੇ ਹਥੋੜੇ ਦੇ ਸਦਕੇ, ਮੈਂ ਅਜ ਤੀਕ ਕਈ ਅਹਿਰਣ ਤੇ ਹਥੌੜੇ ਘੜ ਚੁੱਕਾ ਹਾਂ। ਮੈਂ ਅਜ ਜਾਣ ਲਿਆ ਹੈ, ਲੋਹਾ ਲੋਹੇ ਦਾ ਜਨਮਦਾਤਾ ਹੈ। ਲੋਹਾ ਲੋਹੇ ਨੂੰ ਘੜਦਾ ਤੇ ਜਨਮ ਦਿੰਦਾ ਹੈ। ਇੰਨ ਬਿੰਨ ਉਸੇ ਤਰ੍ਹਾਂ ਜਿਵੇਂ ਇਕ ਦੀਪਕ ਦੂਸਰੇ ਦੀਪਕ ਨੂੰ ਜੋਤੀ ਦੇਂਦਾ ਹੈ। ਜਿਵੇਂ ਪਿਤਾ ਦਾ ਰਾਜ਼ ਆਪ ਮੁਹਾਰੇ ਹੀ ਪੁਤਰ ਦੇ ਸੀਨੇ ਵਿਚ ਜਜ਼ਬ ਹੋ ਜਾਂਦਾ ਹੈ, ਅਗਲੀਆਂ ਨਸਲਾਂ ਲਈ। ਤੇ ਮੈਂ ਸੋਚਦਾ ਹਾਂ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਰਾਜ਼ ਹੈ।

ਦੂਰ ਸੂਰਜ ਡੁਬ ਚੁਕਾ ਹੈ, ਆਕਾਸ਼ ਤੇ ਤਾਰੋ ਨਿਕਲੇ ਹੋਏ ਹਨ। ਤਾਰੇ। ਮੈਨੂੰ ਚੇਤਾ ਆ ਗਿਆ ਹੈ, ਮੇਰਾ ਪਤਾ ਕਿਹਾ ਕਰਦਾ ਸੀ, ਮਰ ਕੇ ਲੋਕੀ ਆਸਮਾਨ ਤੇ ਤਾਰੇ ਬਣ ਜਾਂਦੇ ਹਨ।

ਵਰ ਤੇ ਸਰਾਪ

੬੧.