ਪੰਨਾ:ਵਰ ਤੇ ਸਰਾਪ.pdf/111

ਇਹ ਸਫ਼ਾ ਪ੍ਰਮਾਣਿਤ ਹੈ

(ਸ)


ਇਹ ਇਕ ਪਿੰਡ ਦੀ ਕਹਾਣੀ ਹੈ। ਸੀਗਾਂਗ ਦੀ ਕਹਾਣੀ। ਸੀਗਾਂਗ ਜੋ ਕਦੀ ਬਰਮਾਂ ਦਾ ਇਕ ਸ਼ਾਨਦਾਰ ਪਿੰਡ ਸੀ। ਬਾਂਸ ਬੇਲ ਤੇ ਪਪੀਤੇ ਦਿਆਂ ਝੁੰਡਾਂ ਵਿਚ ਘਿਰਿਆ ਹੋਇਆ, ਸ਼ਾਂਤ ਤੇ ਇਕਾਂਤ ਵਾਯੂ ਮੰਡਲ ਵਿਚ ਗੜੁੰਦ, ਲੜਾਈ ਤੋਂ ਪਹਿਲੇ ਬਰਮਾਂ ਦਾ ਇਕ ਤਿਜਾਰਤੀ ਪਿੰਡ। ਇਹ ਧਾਨ ਤੇ ਮੱਛੀ ਦੀ ਤਿਜਾਰਤ ਲਈ ਪਰਸਿਧ ਸੀ। ਪਿੰਡ ਦੇ ਇਕ ਬਨੇ ਦਰਿਆ ਵਗਦਾ ਹੈ। ਦਰਿਆ ਦੇ ਕਿਨਾਰੇ ਪੈਗੋਡਾ ਸੀ। ਮਹਾਤਮਾ ਬੁਧ ਦਾ ਨਿਵਾਸ ਅਸਥਾਨ। ਉਸ ਦੇ ਨਾਲ ਕਰ ਕੇ ਬਚਿਆਂ ਦਾ ਸਕੂਲ ਸੀ। ਜਿਥੇ ਬਚੇ ਸਨ, ਹੰਸੂ ਹੰਸੂ ਕਰਦੇ ਭੋਲੇ ਭਾਲੇ ਬਚੇ। ਮਿੱਠੀਆਂ ਤੇ ਤੋਤਲੀਆਂ ਗੱਲਾਂ ਕਰਨ ਵਾਲੇ ਬੱਚੇ। ਇਸ ਤੋਂ ਜ਼ਰਾ ਕੁ ਹਟ ਕੇ ਪਿੰਡ ਦੀ ਆਬਾਦੀ ਸ਼ੁਰੂ ਹੋ ਜਾਂਦੀ ਸੀ। ਰੰਗ ਬਰੰਗੇ ਪੇਂਟ ਕੀਤੇ ਹੋਏ ਲਕੜ ਦੇ ਮਕਾਨ ਸਨ ਜਿੰਨਾਂ ਵਿਚ ਅਮਨ ਪਸੰਦ ਸ਼ਹਿਰੀ ਰਹਿੰਦੇ ਸਨ। ਇਨ੍ਹਾਂ ਵਿਚ ਇਸਤਰੀਆਂ ਸਨ ਜਿਹੜੀਆਂ ਕੰਮ ਕਾਜ ਕਰਦੀਆਂ ਸਨ। ਬਚਿਆਂ, ਭਰਾਵਾਂ, ਪਤੀਆਂ ਤੇ ਰਿਸ਼ਤੇਦਾਰਾਂ ਦੀ ਦੇਖ ਭਾਲ ਕਰਦੀਆਂ ਸਨ। ਫੇਰ ਧਾਨ ਦਿਆਂ ਖੇਤਾਂ ਵਿਚ ਦਿਨ ਭਰ ਲਤ ਪਤ ਰਹਿਣ ਵਾਲੇ ਜਵਾਨ ਗੱਭਰੂ ਸਨ। ਸੁਹਿਰਦ ਮਿਤਰ ਸਨ। ਵਡੇ ਬਜ਼ੁਰਗ ਸਨ। ਜੋ ਪਾਈਪ ਵਿਚ ਤਮਾਕੂ ਪੀਂਦੇ ਸਨ। ਅਫ਼ੀਮ ਖਾ ਕੇ ਲੰਮੀਆਂ ਸੋਚਾਂ ਸੋਚਦੇ ਸਨ। ਆਏ ਗਏ ਮਹਿਮਾਨ ਦੀ ਖਾਤਰ ਕਰਨ ਲਈ ‘ਨੱਪੀ’ ਤੇ ਘਰ ਦੀ ਕਢੀ ਹੋਈ ਸ਼ਰਾਬ ਦਿਲ ਖੋਲ੍ਹ ਕੇ ਦਿੰਦੇ ਸਨ। ਉਦੋਂ ਜਿਵੇਂ ਇਸ ਪਿੰਡ ਵਿਚ ਜ਼ਿੰਦਗੀ ਤੋਂ ਖੇੜਾ ਰਾਜ ਕਰਦੇ ਸਨ।

ਵਰ ਤੇ ਸਰਾਪ

੧੧੭.