ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਸੁਲਤਾਨਾਂ ਦੇ ਮਹਿਲ, ਸਲਤਨਤਾਂ ਦੇ ਹੱਦ ਬੰਨੇ
ਵਿਹਾਰਾਂ ਦੇ ਅੜਿੰਗੇ, ਅਚਾਰਾਂ ਦੇ ਕੁੜਿੰਗੇ,
ਇਖਲਾਕਾਂ ਦੇ ਕੱਜਣ, ਰਿਵਾਜਾਂ ਦੇ ਢੱਕਣ,
ਨੀਤੀ ਦੇ ਬਸਤੇ, ਸਮਾਜਾਂ ਦੇ ਫਸਤੇ-
ਸਭ ਫ਼ਨਾ-ਫਿੱਲਾ ਹੋ ਜਾਏਗਾ, ਮੁਸ਼ਕ ਬਾਕੀ ਨਾ ਰਹੇਗਾ,
ਸੁਹਾਗਾ ਫਿਰ ਜਾਏਗਾ-
ਵੱਟਾਂ, ਬੰਨੇਂ, ਸਿਆੜ, ਵਾੜਾਂ ਪੱਧਰ ਹੋ ਜਾਣਗੇ।

ਚਿੱਟ ਚਿਟਾਨ ਹੋ ਜਾਏਗੀ, ਰੜ ਮਦਾਨ ਹੋ ਦਿੱਸੇਗਾ,
ਨੰਗ ਨੰਗੇਜ ਹੋ ਰਹੇਗੀ
ਪਰਦੇ, ਢੱਕਣ, ਕੱਜਣ, ਉਡ ਜਾਣਗੇ,
ਬੁਰਕੇ ਘੁੰਡ ਸਭ ਚੁਕੇ ਜਾਣਗੇ।
ਜੰਞਾਂ ਨਹੀਂ ਚੜ੍ਹਨਗੀਆਂ, ਫੇਰੇ ਨਹੀਂ ਹੋਣਗੇ,
ਮੁਕਾਣਾਂ ਨਹੀਂ ਢੁੱਕਣਗੀਆਂ, ਇਕੱਠ ਨਹੀਂ ਹੋਣਗੇ-
ਸਿਆਪੇ ਉਠ ਜਾਣਗੇ, ਵਰ੍ਹੀਣੇ ਮੁਕ ਜਾਣਗੇ,
ਵਿਹਾਰ ਵਹਿ ਜਾਣਗੇ, ਸੁਧਾਰ ਰਹਿ ਜਾਣਗੇ,
ਰਸਮਾਂ, ਰਵਾਜਾਂ, ਰੀਤਾਂ-ਸਫਾਯਾ ਹੋ ਜਾਏਗਾ ਸਭ ਦਾ।

ਹਾਂ, ਹਨੇਹੀ ਆ ਰਹੀ ਹੈ, ਆਪਣੀ ਕਮਾਲ ਸ਼ਿੱਦਤ ਵਿਚ,
ਵਿੱਥਾਂ, ਝੀਤਾਂ, ਆਲੇ, ਭੜੋਲੇ, ਛਿੱਕੇ, ਪੜਛੱਤੀਆਂ ਸਭ ਫੁੱਲ ਜਾਣਗੇ, ਢੱਕਿਆ ਹੋਇਆ ਗੰਦ, ਕੱਜਿਆ ਹੋਇਆ ਮੰਦ,
ਸਭ ਉਗਲ ਆਵੇਗਾ।