ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/45

ਇਹ ਸਫ਼ਾ ਪ੍ਰਮਾਣਿਤ ਹੈ

ਅਸਾਂ ਆਪਣੀ ਹੱਥੀਂ, ਆਪਣੇ ਦਿਮਾਗੋਂ, ਆਪਣੀ ਸੋਚੋਂ ਆਪਣੇ
ਰੱਬ ਰਚੇ,
ਜੈਸਾ ਜਿਸ ਨੂੰ ਭਾਇਆ, ਵੈਸਾ ਉਸ ਨੇ ਰੱਬ ਬਣਾਇਆ-

ਅਸਾਂ ਪੱਥਰ ਦੇ ਰੱਬ ਘੜੇ, ਸੋਨੇ ਚਾਂਦੀ ਤੇ ਪਿੱਤਲ ਦੇ,
ਕਾਗਜ਼ਾਂ ਦੇ ਰੰਗ ਬਰੰਗੀ, ਇਕੇ ਖਿਆਲਾਂ ਦੇ ਖਿਆਲੀ,
ਜਿਹੋ ਜਿਹਾ ਕਿਸੇ ਦਾ ਵਿਤ ਸੀ, ਜਿਹੋ ਜਿਹੀ ਕਿਸੇ ਦੀ ਚਾਹ ਸੀ,
ਜਿਹੋ ਜਿਹਾ ਕਿਸੇ ਦੇ ਦਿਮਾਗ, ਕਿਸੇ ਦੇ ਕਿਆਸ ਨੂੰ ਸੁਝਿਆ,
ਉਹੋ ਜਿਹਾ ਰੱਬ ਉਸ ਨੇ ਰਚਿਆ।

ਕਿਸੇ ਚਹੁੰ ਹੱਥਾਂ ਵਾਲਾ, ਕਸੇ ਚਹੁੰ ਮੂਹਾਂ ਵਾਲਾ,
ਕਿਸੇ ਨਿਰ ਆਕਾਰ, ਨਿਰ ਵਿਕਾਰ,
ਕਿਸੇ ਨੇ ਢੱਗੇ ਤੇ ਚੜ੍ਹਾਇਆ ਆਪਣੇ ਰੱਬ ਨੂੰ,
ਕਿਸੇ ਨੇ ਗਰੜ, ਮੋਰ, ਚੀਤੇ, ਚੂਹੇ ਤੇ,
ਗੂੰਨਾਗੂੰ ਰੱਬ ਪੈਦਾ ਕੀਤੇ ਅਸਾਂ, ਆਪਣੇ ਦਿਮਾਗ ਥੀਂ,
ਸੁਹਣੇ ਕੋਝੇ, ਰਹੀਮ ਤੇ ਜਾਬਰ,
ਰੱਬਾਂ ਦਾ ਇਕ ਬਾਗ ਖਿੜਾਇਆ ਅਸਾਂ, ਸੋਹਣਾ, ਸੁੰਦਰ, ਮਨ-ਮੋਹਣਾ,
ਇਨਸਾਨੀ ਹੁਨਰ ਦਾ ਇਕ ਕਮਾਲ।

ਤੇ,
ਕਰਤੇ ਹੋ ਕੇ ਅਸੀਂ ਆਪਣੀ ਕਿਰਤ, ਰੱਬ, ਦੇ ਆਸ਼ਕ ਬਣੇ ਪੁਜਾਰੀ-
ਪੁਸ਼ਾਕਾਂ ਪੁਆਈਆਂ, ਭੋਗ ਲੁਆਏ,

੪੦